September 26, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਉਪਮਹਾਂਦੀਪ ਵਿਚ ਸਿਆਸੀ ਗਲਬੇ ਰਾਹੀਂ ਬਾਕੀ ਮਾਂ-ਬੋਲੀਆਂ ਨੂੰ ਖਤਮ ਕਰਕੇ ਹਿੰਦੀ ਥੋਪਣ ਦੀ ਨੀਤੀ ਖਿਲਾਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਵਰਸਿਟੀ ਪ੍ਰਬੰਧ ਵਲੋਂ ਪੰਜਾਬੀ ਨੂੰ ਨਜ਼ਰਅੰਦਾਜ਼ ਕਰਕੇ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ ਕਰਦਿਆਂ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਸੱਥ, ਐਸ.ਐਫ.ਐਸ, ਪੀ.ਐਸ.ਯੂ (ਲਲਕਾਰ), ਏ.ਆਈ.ਐਸ.ਏ ਅਤੇ ਐਸ.ਐਫ.ਆਈ ਵਲੋਂ ਇਕ ਸਾਂਝਾ ਮੋਰਚਾ ਬਣਾਇਆ ਗਿਆ ਹੈ, ਜੋ ਯੂਨੀਵਰਸਿਟੀ ਵਿਚ ਪੰਜਾਬੀ ਮਾਂ-ਬੋਲੀ ਨੂੰ ਪਹਿਲੀ ਭਾਸ਼ਾ ਵਜੋਂ ਉਤਸ਼ਾਹਿਤ ਕਰਨ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਇਹਨਾਂ ਵਿਦਿਆਰਥੀ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਸਾਂਝੇ ਤੌਰ ‘ਤੇ ਇਕ ਮੰਗ ਪੱਤਰ ਯੂਨੀਵਰਸਿਟੀ ਦੇ ਉੋਪਕੁਲਪਤੀ ਨੂੰ ਦਿੱਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਐਤਵਾਰ ਨੂੰ ਹੋਈ ਯੂਨੀਵਰਸਿਟੀ ‘ਸਿੰਡੀਕੇਟ’ ਦੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਦੇ ਦਫਤਰੀ ਕੰਮ ਕਾਜ ਵਿਚ ਹਿੰਦੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨੀਤੀ ਨੂੰ ਸਿਰੇ ਚੜ੍ਹਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। 20 ਜੁਲਾਈ ਨੂੰ ਬਣਾਈ ਗਈ ਇਸ ਕਮੇਟੀ ਨੂੰ ਸਿੰਡੀਕੇਟ ਬੈਠਕ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਅੰਦਰ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਇਕ ‘ਹਿੰਦੀ ਡਾਇਰੈਕਟੋਰੇਟ’ ਵੀ ਬਣਾਇਆ ਜਾਵੇਗਾ ਜੋ ਹਿੰਦੀ ਭਾਸ਼ਾ ਦੀ ਪ੍ਰਸ਼ਾਸਨਿਕ ਅਤੇ ਦਫਤਰੀ ਕੰਮ ਕਾਜ ਦੀ ਭਾਸ਼ਾ ਵਜੋਂ ਵਰਤੋਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਜਿੱਠੇਗਾ।
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਕਿਸੇ ਵੀ ਖਿੱਤੇ ਵਿਚ ਵਸਦੇ ਲੋਕਾਂ ਦੀ ਮਾਂ-ਬੋਲੀ ਨੇ ਉਸ ਖਿੱਤੇ ਦੇ ਅਦਾਰਿਆਂ ਰਾਹੀਂ ਹੀ ਪ੍ਰਫੁੱਲਿਤ ਹੋਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿਦਿਆਰਥੀਆਂ ਵਲੋਂ ਮਾਂ-ਬੋਲੀ ਪੰਜਾਬੀ ਨੂੰ ਯੂਨੀਵਰਸਿਟੀ ਵਿਚ ਉਤਸ਼ਾਹਿਤ ਕਰਨ ਲਈ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਯੂਨੀਵਰਸਿਟੀ ਪ੍ਰਬੰਧਕ ਇਕ ਬਾਹਰੀ ਭਾਸ਼ਾ ‘ਹਿੰਦੀ’ ਨੂੰ ਆਪ-ਮੁਹਾਰੇ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਂ-ਬੋਲ਼ੀ ਦਾ ਮਰਨਾ, ਸਮਾਜ ਦਾ ਮਰਨਾ ਹੁੰਦਾ ਹੈ ਤੇ ਅਸੀਂ ਇਹ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ ਕਿ ਸਾਡੀ ਮਾਂ-ਬੋਲੀ ਨੂੰ ਮਾਰ ਕੇ ਕਿਸੇ ਬਾਹਰੀ ਭਾਸ਼ਾ ਨੂੰ ਸਾਡੇ ਉਤੇ ਥੋਪਿਆ ਜਾਵੇ।
ਵਿਦਿਆਰਥੀ ਜਥੇਬੰਦੀਆਂ ਨੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਮਾਂ-ਬੋਲੀ ਪੰਜਾਬੀ ਨੂੰ ਬਣਦਾ ਦਰਜਾ ਦਵਾਉਣ ਲਈ ਉਹ ਇਸ ਇਕੱਠ ਦਾ ਹਿੱਸਾ ਬਣਨ ਅਤੇ ਮੰਗ ਪੱਤਰ ਦੇਣ ਮੌਕੇ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਹੋਰ ਵਿਦਿਆਰਥੀ ਜਥੇਬੰਦੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤੇ ਜੋ ਵੀ ਜਥੇਬੰਦੀ ਇਸ ਸਾਂਝੇ ਮੋਰਚੇ ਵਿਚ ਸ਼ਾਮਿਲ ਹੋਣਾ ਚਾਹੁੰਦੀ ਹੋਈ, ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
Related Topics: Panjab University Chandigarh, Punjabi Language, Sath, Students For Society SFS