ਬਠਿੰਡਾ – ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਵਾਲੀ ਵਿਵਾਦਤ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਦਿਖਾਉਣ ਦੇ ਵਿਰੋਧ ਵਿਚ ਬੀਤੇ ਦਿਨੀਂ ਸਥਾਨਕ ਸ਼ਹਿਰ ਬਠਿੰਡਾ ਦੇ ਸਿਨੇਮਾ ਘਰਾਂ ਵਿਚ ਜਾ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸਪੱਸਟ ਕੀਤਾ ਕਿ ਉਹ ਕਿਸੇ ਵੀ ਹਾਲਤ ਵਿਚ ਇਹ ਫ਼ਿਲਮ ਲੱਗਣ ਤੇ ਚੱਲਣ ਨਹੀਂ ਦੇਣਗੇ।
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਨੌਜਵਾਨ ਸਿੱਖ ਆਗੂ ਤੇ ਵਿਚਾਰ ਸਭਾ ਲੱਖੀ ਜੰਗਲ ਵੱਲੋਂ ਭਾਈ ਸਵਰਨ ਸਿੰਘ ਕੋਟਧਰਮ, ਰਾਜਵਿੰਦਰ ਸਿੰਘ ਟਿੱਬੀ ਹਰੀ ਸਿੰਘ ਵਾਲਾ, ਅੰਗਰੇਜ ਸਿੰਘ ਚੈਨੇਵਾਲਾ, ਅੰਮ੍ਰਿਤਪਾਲ ਸਿੰਘ ਭੰਮੇ ਕਲਾਂ, ਗੁਰਪਾਲ ਸਿੰਘ ਧਿੱਗੜ, ਭੁਜੰਗੀ ਕੇਹਰ ਸਿੰਘ ਦਮਦਮਾ ਸਾਹਿਬ ਬਠਿੰਡਾ ਸ਼ਹਿਰ ਦੇ ਸਿਨੇਮਾ ਘਰਾਂ ਵਿਚ ਜਾ ਕੇ ਮੌਕੇ ’ਤੇ ਮੌਜੂਦ ਜਿੰਮੇਵਾਰੀ ਲੋਕਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਉਹ ਇਸ ਮਸਲੇ ’ਤੇ ਸਿੱਖ ਕੌਮ ਦਾ ਰੋਹ ਨਾ ਸਹੇੜਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਕਲਪਨਾਤਿਮਕ ਤਸਵੀਰਾਂ ਤੋਂ ਸ਼ੁਰੂ ਹੋ ਕੇ ਇਹ ਮਾੜਾ ਵਰਤਾਰਾ ਗੁਰੂ ਸਾਹਿਬਾਨਾਂ ਦੇ ਕਾਰਟੂਨ ਚਿੱਤਰਣ, ਫਿਰ ਸਵਾਂਗ ਰਚਾਉਣ ਤੱਕ ਪੁੱਜ ਗਿਆ ਹੈ, ਉਹਨਾਂ ਕਿਹਾ ਕਿ ਜੇ ਇਸ ਘਾਤਕ ਬਿਮਾਰੀ ਨੂੰ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਵੱਲੋਂ ਇੱਥੇ ਹੀ ਨੱਥ ਨਾ ਪਾਈ ਗਈ ਤਾਂ ਇਹ ਵਰਤਾਰਾ ਗੁਰੂ ਸਾਹਿਬਾਨਾਂ ਜਾਂ ਉਹਨਾਂ ਦੇ ਪਰਿਵਾਰਾਂ ਬਾਰੇ ਨਾਟਕਾਂ ’ਚ ਮਨੁੱਖੀ ਪਾਤਰਾਂ ਦੁਆਰਾ ਰੋਲ ਕਰਨੇ ਸ਼ੁਰੂ ਹੋ ਜਾਣਗੇ। ਜੋ ਕਿ ਸਿੱਖ ਸਿਧਾਂਤਾਂ ’ਤੇ ਸਿੱਧਾ ਤੇ ਭਿਆਨਕ ਹਮਲਾ ਹੋਵੇਗਾ। ਉਹਨਾਂ ਕਿਹਾ ਕਿ ਇਹ ਫ਼ਿਲਮ ਕਿਸੇ ਵੀ ਹਾਲਤ ’ਚ ਸਿਨੇਮਾ ਘਰਾਂ ਵਿਚ ਲੱਗਣ ਨਹੀਂ ਦਿੱਤੀ ਜਾਵੇਗੀ।
ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਕੋਈ ਸਿਨੇਮਾ ਮਾਲਕ ਵਾਜ ਨਾ ਆਏ ਤਾਂ ਉਕਤ ਫ਼ਿਲਮ ਰੋਕਣ ਲਈ ਨਿਹੰਗ ਸਿੰਘਾਂ ਫੌਜਾਂ ਦੇ ਪੱਕੇ ਪਹਿਰੇ ਲਗਾਉਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ।