ਚੰਡੀਗੜ੍ਹ – ਬੀਤੇ ਕਈ ਦਿਨਾਂ ਤੋਂ ਵਿਵਾਵਤ ਫਿਲਮ ਦਾਸਤਾਨ-ਏ-ਸਰਹਿੰਦ ਦਾ ਦੁਨੀਆ ਭਰ ਵਿਚ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ।ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ। ਇਸ ਲਈ ਗੁਰਮਤਿ ਰਵਾਇਤ ਅੰਦਰ ਇਨ੍ਹਾਂ ਦੀਆਂ ਨਕਲਾਂ ਲਾਹੁਣ ’ਤੇ ਸਵਾਂਗ ਰਚਣ ਦੀ ਵੀ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਉਣ ਤੇ ਸਵਾਂਗ ਰਚਣ ਦੇ ਕੁਰਾਹੇ ਦਾ ਆਧਾਰ ਬਣ ਰਹੀ ਹੈ।
ਦਾਸਤਾਨ-ਏ-ਸਰਹੰਦ ਫਿਲਮ ਨੂੰ ਸਿੱਖੀ ਪਰੰਪਰਾਵਾਂ ਦੀ ਉਲੰਘਣਾ ਕਰਾਰ ਦਿੰਦਿਆਂ ਸਿੱਖ ਸੰਗਤਾਂ ਨੇ ਫੌਰੀ ਤੌਰ ਉਪਰ ਰੋਕਣ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਉੱਤੇ ਮੁਕੰਮਲ ਰੋਕ ਲਾਉਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕਰ ਰਹੀਆਂ ਹਨ।
ਇਸੇ ਤਹਿਤ ਸਿੱਖ ਪਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਬੰਦ ਕਰਵਾਉਣ ਲਈ ਸਥਾਨਕ ਸੰਗਤਾਂ ਨੂੰ ਆਪੋ ਆਪਣੇ ਇਲਾਕਿਆਂ ਵਿਚ ਮੋਰਚੇ ਸੰਭਾਲਦਿਆਂ ਸਥਾਨਕ ਸਿਨੇਮਿਆਂ ਨੂੰ ਇਹ ਫਿਲਮ ਨਾ ਵਿਖਾਉਣ ਵਾਸਤੇ ਕਹਿਣ ਦਾ ਸੱਦਾ ਦਿੱਤਾ ਹੈ।
ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਕਈ ਸ਼ਹਿਰਾਂ ਜਿਵੇਂ ਕਿ ਪਟਿਆਲਾ, ਬਠਿੰਡਾ, ਸਰਦੂਲਗੜ੍ਹ, ਸੰਗਰੂਰ, ਨਵਾਂਸ਼ਹਿਰ, ਰੋਪੜ ਵਿਚ ਸੰਗਤ ਪਹਿਲਾਂ ਹੀ ਸਿਨੇਮਿਆਂ ਵਾਲਿਆਂ ਨੂੰ ਇਹ ਫਿਲਮ ਨਾ ਲਾਉਣ ਦਾ ਹੁਕਮ ਸੁਣਾ ਚੁੱਕੀ ਹੈ।
ਅੱਜ ਮਿਲ ਰਹੀਆਂ ਖਬਰਾਂ ਮੁਤਾਬਿਕ ਚੰਡੀਗੜ੍ਹ, ਮੁਹਾਲੀ, ਲੁਧਿਆਣੇ ਵਿਚ ਸੰਗਤਾਂ ਸਿਨੇਮਿਆਂ ਵਾਲਿਆਂ ਨੂੰ ਫਿਲਮ ਨਾ ਲਾਉਣ ਲਈ ਕਹਿਣ ਵਾਸਤੇ ਲਾਮਬੰਦ ਜੋ ਰਹੀਆਂ ਹਨ। ਅੱਜ ਭਲਕ ਵਿਚ ਸੰਗਤ ਦਾ ਹੁਕਮ ਇਹਨਾ ਸ਼ਹਿਰਾਂ ਦੇ ਸਿਨੇਮਿਆਂ ਨੂੰ ਸੁਣਾ ਦਿੱਤਾ ਜਾਵੇਗਾ।