ਚੰਡੀਗੜ੍ਹ (7 ਨਵੰਬਰ 2023) : ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਫਿਲਮ ਵਿਰੁਧ ਸਿੱਖ ਸੰਗਤਾਂ ਦਾ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਹ ਫਿਲਮ ਕਈ ਸ਼ਹਿਰਾਂ ਵਿਚੋਂ ਸਿੱਖ ਸੰਗਤਾਂ ਵੱਲੋਂ ਬੰਦ ਕਰਵਾਈ ਜਾ ਚੁੱਕੀ ਹੈ। ਇਸੇ ਦੌਰਾਨ ਅੱਜ 41 ਸਿੱਖ ਸੰਸਥਾਵਾਂ, ਜਥਿਆਂ ਅਤੇ ਸਖਸ਼ੀਅਤਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਾਗਰੂਕ ਸਿੱਖ ਸੰਗਤ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਨਹੀਂ ਚੱਲਣ ਦੇਵੇਗੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਬਾਲ ਕਲਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲੁਹਾ ਕੇ ਉਹਨਾ ਨੂੰ ਹਰਕਤ ਨਕਲ ਵਿਧੀ (ਮੋਸ਼ਨ ਕੈਪਚਰ ਤਕਨੀਕ) ਰਾਹੀਂ ਐਨੀਮੇਸ਼ਨ ਦਾ ਰੂਪ ਦਿੱਤਾ ਗਿਆ ਹੈ। ਇਹ ਫਿਲਮ ਦਾ ਬੀਤੇ ਸਾਲ ਵੀ ਸੰਗਤ ਵੱਲੋਂ ਸਖਤ ਵਿਰੋਧ ਹੋਇਆ ਸੀ ਜਿਸ ਤੋਂ ਬਾਅਦ ਇਹ ਫਿਲਮ ਰੋਕ ਦਿੱਤੀ ਗਈ ਸੀ। ਸੰਗਤਾਂ ਦੀ ਪਹਿਰੇਦਾਰੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪਰਚਾਰ ਕਮੇਟੀ ਨੇ ਗੁਰੂ ਸਾਹਿਬਾਨ, ਗੁਰੂ ਪਰਿਵਾਰ ਅਤੇ ਚਾਰਾਂ ਸਾਹਿਬਜ਼ਾਦਿਆਂ ਨੂੰ ਫਿਲਮਾਂ, ਨਾਟਕਾਂ, ਕਾਰਟੂਨਾਂ ਜਾਂ ਐਨੀਮੇਸ਼ਨ ਕਿਸੇ ਵੀ ਵਿਧੀ ਰਾਹੀਂ ਚਿਤਰਤ ਕਰਨ ਦੀ ਮੁਕੰਮਲ ਉੱਤੇ ਪੂਰਨ ਰੋਕ ਲਗਾ ਦਿੱਤੀ ਹੈ।
ਸਿੱਖ ਜਥਾ ਮਾਲਵਾ, ਸਿੱਖ ਯੂਥ ਆਫ ਪੰਜਾਬ, ਦਲ ਖਾਲਸਾ, ਸਿੱਖ ਜਥਾ ਕਾਹਨੂੰਵਾਨ ਛੰਭ, ਪੰਥ ਸੇਵਕ ਜਥਾ ਮਾਝਾ, ਸ਼੍ਰੀ ਗੁਰੂ ਨਾਨਕ ਦਰਬਾਰ ਹਵੇਲੀ ਕਲਾਂ ਰੋਪੜ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ (ਚੌਂਤਾ ਕਲਾਂ), ਵਿਦਿਆਰਥੀ ਜਥੇਬੰਦੀ ਸੱਥ, ਸਿੱਖ ਯੂਥ ਪਾਵਰ ਆਫ ਪੰਜਾਬ, ਸੈਫ਼ੀ ਪੰਚ ਪ੍ਰਧਾਨੀ, ਏਕ ਨੂਰ ਖਾਲਸਾ ਫੌਜ, ਗਿਆਨ ਖੜਗ ਵੈੱਲਫੇਅਰ ਸੁਸਾਇਟੀ, ਗੋਸਟਿ ਸਭਾ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਦਰਬਾਰ-ਏ-ਖਾਲਸਾ, ਨੀਸਾਣਿ ਪ੍ਰਕਾਸ਼ਨ, ਪੰਥ ਸੇਵਕ ਜਥਾ ਮਾਝਾ, ਮੀਰੀ ਪੀਰੀ ਸੇਵਕ ਜਥਾ ਨਵਾਂਸ਼ਹਿਰ, ਮੀਰੀ ਪੀਰੀ ਸੇਵਾ ਦਲ ਮਾਲਵਾ ਜੋਨ, ਲੱਖੀ ਜੰਗਲ ਖਾਲਸਾ ਜਥਾ, ਅਦਾਰਾ ਸਿੰਘਨਾਦ ਟੀਵੀ ਅਤੇ ਰੇਡੀਓ, ਵਾਰਿਸ ਪੰਜਾਬ ਦੇ (ਹਰਨੇਕ ਸਿੰਘ), ਮੀਰੀ ਪੀਰੀ ਜੱਥਾ ਅਕੈਡਮੀ ਦਿੱਲੀ, ਅਦਾਰਾ ਸਿੱਖ ਸਿਆਸਤ, ਨਿਰਮਲ ਸੰਪਰਦਾਇ (ਰਾਜਿਆਣਾ), ਸਤਿਕਾਰ ਸਭਾ ਹਰਿਆਣਾ, ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ, ਭਾਈ ਘਨਈਆ ਗ੍ਰੰਥੀ ਸਭਾ, ਅਦਾਰਾ ਆਪਣਾ ਸਾਂਝਾ ਪੰਜਾਬ ਟੀ.ਵੀ, ਗੁਰੂ ਕੀ ਮਟੀਲੀ (ਬਾਘਾਪੁਰਾਣਾ), ਪੰਥ ਸੇਵਕ ਬਾਬਾ ਹਰਦੀਪ ਸਿੰਘ ਮਹਿਰਾਜ, ਅਮਰਦੀਪ ਸਿੰਘ (ਸਿੱਖ ਕਾਰਕੁਨ), ਸਰਬਜੀਤ ਸਿੰਘ ਘੁਮਾਣ (ਸਿੱਖ ਵਿਚਾਰਕ ਤੇ ਲੇਖਕ), ਸਾਗਰ ਸਿੰਘ (ਪੰਥਕ ਅਕਾਲੀ ਲਹਿਰ), ਸੁਖਜੀਤ ਸਿੰਘ (ਸਿੱਖ ਲੇਖਕ), ਹੁਸ਼ਿਆਰ ਸਿੰਘ ਝੰਡਾ ਕਲਾਂ (ਪੰਥ ਸੇਵਕ), ਗਿਆਨੀ ਗੁਰਤੇਜ ਸਿੰਘ ਖਡਿਆਲ (ਦਮਦਮੀ ਟਕਸਾਲ), ਗੁਰਜੰਟ ਸਿੰਘ (ਖੋਜੀ ਅਤੇ ਲੇਖਕ), ਗੁਰਮੀਤ ਸਿੰਘ ਰਾਂਚੀ (ਸਿੱਖ ਕਾਰਕੁੰਨ ਅਤੇ ਵਿਚਾਰਕ), ਦੀਪ ਸਿੰਘ ਦਿੱਲੀ (ਸਿੱਖ ਕਾਰਕੁੰਨ), ਸਿੱਖ ਵਿਚਾਰਕ ਰਾਜਪਾਲ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਕੰਵਰ ਚੜ੍ਹਤ ਸਿੰਘ) ਵੱਲੋਂ ਅੱਜ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਣ ਦੇ ਕੁਰਾਹੇ ਦਾ ਆਧਾਰ ਬਣ ਗਈ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਾਲ 2005 ਤੋਂ ਲਗਾਤਾਰ ਅਜਿਹੀਆਂ ਸਵਾਂਗ ਰਚਦੀਆਂ ਫਿਲਮਾਂ ਦਾ ਸੁਹਿਰਦ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸੇ ਸਦਕਾ ਅਜਿਹੀਆਂ ਫ਼ਿਲਮਾਂ ਬੰਦ ਵੀ ਹੋਈਆਂ ਹਨ। 2005 ਵਿੱਚ ਵੀ ਕਈ ਸੁਹਿਰਦ ਸਿੱਖ ਹਿੱਸਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਾਹਿਬ ਨੂੰ ਇਹ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਇਸ ਕੁਰਾਹੇ ਨੂੰ ਇੱਥੇ ਹੀ ਠੱਲ੍ਹ ਪਾਉਣ ਲਈ ਇਸ ਫਿਲਮ ਉਪਰ ਰੋਕ ਲਗਾਈ ਜਾਵੇ ਨਹੀਂ ਤਾਂ ਭਵਿੱਖ ਵਿੱਚ ਇਸ ਦੇ ਮਾਰੂ ਨਤੀਜੇ ਭੁਗਤਣੇ ਪੈ ਸਕਦੇ ਹਨ ਪਰ ਹੁਣ ਤੱਕ ਅਜਿਹਾ ਕੋਈ ਵੀ ਠੋਸ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਹੋਇਆ ਜਿਸ ਕਰਕੇ ਨਤੀਜਾ ਇਹ ਨਿਕਲਿਆ ਕਿ ਕਾਰਟੂਨ ਫ਼ਿਲਮ ‘ਸਾਹਿਬਜ਼ਾਦੇ’ ਤੋਂ ਬਾਅਦ ‘ਮੂਲਾ ਖੱਤਰੀ’, ‘ਚਾਰ ਸਾਹਿਬਜ਼ਾਦੇ’, ‘ਨਾਨਕ ਸ਼ਾਹ ਫਕੀਰ’, ‘ਦਾਸਤਾਨ-ਏ-ਮੀਰੀ ਪੀਰੀ’, ‘ਮਦਰਹੁੱਡ’ ਸਮੇਤ ਅਨੇਕਾਂ ਅਜਿਹੀਆਂ ਕਾਰਟੂਨ ਅਤੇ ਫੀਚਰ ਫਿਲਮਾਂ ਬਣੀਆਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੀਆਂ ਗਈਆਂ ਹਨ। ਇਸੇ ਲੜੀ ਦੇ ਤਹਿਤ ਅੱਗੇ ਭਵਿੱਖ ਵਿੱਚ ‘ਭਾਈ ਜੈਤਾ ਜੀ’ ਅਤੇ ‘ਬੀਬੀ ਰਜਨੀ ਜੀ’ ਬਾਰੇ ਵੀ ਬਣ ਰਹੀਆਂ ਫਿਲਮਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਸਿੱਖ ਸੰਸਥਾਵਾਂ, ਜਥਿਆਂ ਤੇ ਸਖਸ਼ੀਅਤਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ‘ਦਾਸਤਾਨ-ਏ-ਸਰਹਿੰਦ’ ਨਾਮੀ ਫਿਲਮ ਨੂੰ ਬੰਦ ਕਰਵਾਉਣ ਲਈ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਮਤੇ ਪਾਏ ਗਏ, ਰੋਸ ਪ੍ਰਦਰਸ਼ਨ ਹੋਏ, ਗੋਸ਼ਟੀਆਂ ਹੋਈਆਂ, ਸਿਨੇਮੇ ਵਾਲਿਆਂ ਨੂੰ ਸੰਗਤਾਂ ਨੇ ਹੁਕਮ ਕੀਤੇ ਅਤੇ ਅਖੀਰ ਸਿੱਖ ਸੰਗਤ ਦੇ ਭਾਰੀ ਵਿਰੋਧ ਕਾਰਨ ਇਹ ਫਿਲਮ ਜਾਰੀ ਨਹੀਂ ਸੀ ਹੋ ਸਕੀ। ਉਦੋਂ 7 ਫਰਵਰੀ 2023 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਦਸੰਬਰ (2022) ਮਹੀਨੇ ਦਾ ਮਤਾ ਜਨਤਕ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਅਤੇ ਓਹਨਾ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ’ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।
ਹੁਣ ਇਸ ਸਾਲ ਮੁੜ ਇਹ ਫਿਲਮ ਨੂੰ ਜਾਰੀ ਕਰਨ ਲਈ ਫਿਲਮ ਵਾਲਿਆਂ ਨੇ ਲੰਘੇ ਅਕਤੂਬਰ ਮਹੀਨੇ ਵਿੱਚ ਯਤਨ ਆਰੰਭ ਕੀਤੇ ਅਤੇ ਨੰਗਾ ਚਿੱਟਾ ਝੂਠ ਬੋਲ ਕੇ ਪਿਛਲੇ ਸਾਲ ਵਾਲੇ ਕੱਚੇ ਪਿੱਲੇ ਕਾਗਜ ਲੈ ਕੇ ਫਿਲਮ ਜਾਰੀ ਕਰਨ ਦੀ ਜਿੱਦ ’ਚ ਪਏ ਅਤੇ ਲੰਘੀ 3 ਨਵੰਬਰ ਨੂੰ ਫਿਲਮ ਜਾਰੀ ਕਰਨ ਦੀ ਜਿੱਦ ਕੀਤੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਭ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪਿਛਲੇ ਸਾਲ ਦੇ ਮਤੇ ਦੇ ਹਵਾਲੇ ਨਾਲ ਸਿਰਫ ਇੱਕ ਬਿਆਨ ਦੇ ਕੇ ਚੁੱਪ ਵੱਟ ਲਈ ਕਿ ਅਸੀਂ ਇਸ ਫਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ। ਫਿਲਮ ਬੰਦ ਕਰਵਾਉਣ ਲਈ ਨਾ ਹੀ ਸ੍ਰੋ.ਗੁ.ਪ੍ਰ.ਕ. ਨੇ ਕੋਈ ਯਤਨ ਕੀਤਾ ਅਤੇ ਨਾ ਹੀ ਮੌਜੂਦਾ ਜਥੇਦਾਰ ਸਾਹਿਬਾਨ ਕੁਝ ਬੋਲੇ। ਸਿੱਖ ਸੰਗਤ ਨੇ ਲਗਾਤਾਰ ਇਸ ਨੂੰ ਰੋਕਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ ਅਤੇ ਨਿਭਾ ਰਹੀ ਹੈ ਜਿਸ ਕਰਕੇ ਇਹ ਫਿਲਮ ਪੰਜਾਬ, ਜੰਮੂ ਅਤੇ ਹੋਰਨਾਂ ਥਾਵਾਂ ਤੇ ਨਹੀਂ ਚੱਲ ਸਕੀ। ਪ੍ਰਸ਼ਾਸ਼ਨ ਦੇ ਪਹਿਰੇ ਹੇਠ ਵੀ ਫਿਲਮ ਚਲਾਉਣ ਦੇ ਯਤਨ ਹੋਏ ਪਰ ਸੰਗਤ ਨੇ ਸਭ ਚਕਨਾਚੂਰ ਕਰ ਦਿੱਤਾ। ਜਿੱਥੇ ਕਿਤੇ ਇਹ ਫਿਲਮ ਚਲਾਈ ਗਈ ਉਥੇ ਇੱਕਾ ਦੁੱਕਾ ਲੋਕ ਹੀ ਇਸ ਫਿਲਮ ਨੂੰ ਵੇਖਣ ਗਏ ਜਿਸ ਤੋਂ ਖਿਝਦਿਆਂ ਫਿਲਮ ਵਾਲੇ ਹੁਣ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਹਨਾਂ ਨੂੰ ਸਿਨੇਮੇ ਵਿੱਚ ਲਿਜਾ ਕੇ ਫਿਲਮ ਵਿਖਾ ਰਹੇ ਹਨ।
ਜਿਕਰਯੋਗ ਹੈ ਕਿ ਇਸ ਸਾਲ ਜੂਨ ਵਿੱਚ ਜਦੋਂ ਫਿਲਮ ਵਾਲਿਆਂ ਨੇ ਸ੍ਰੋ.ਗੁ.ਪ੍ਰ.ਕ ਤੋਂ ਐਨ.ਓ.ਸੀ ਮੰਗੀ ਤਾਂ ਉਹਨਾਂ ਨੂੰ ਫਿਰ ਓਹੀ ਮਤੇ ਦੇ ਹਵਾਲੇ ਨਾਲ ਲਿਖਤੀ ਜਵਾਬ ਸ੍ਰੋ.ਗੁ.ਪ੍ਰ.ਕ ਵੱਲੋਂ ਮਿਲਿਆ।
ਹੁਣ ਫਿਲਮ ਵਾਲੇ ਕਹਿ ਰਹੇ ਹਨ ਕਿ ਇਹ ਮਤਾ ਇਸ ਫਿਲਮ ’ਤੇ ਲਾਗੂ ਨਹੀਂ ਹੁੰਦਾ ਬਲਕਿ ਇਸ ਤੋਂ ਅਗਲੀਆਂ ਫਿਲਮਾਂ ’ਤੇ ਲਾਗੂ ਹੋਇਗਾ। ਨੰਗਾ ਚਿੱਟਾ ਇਕ ਹੋਰ ਝੂਠ ਬੋਲਿਆ ਜਾ ਰਿਹਾ ਤੇ ਗਲਤ ਬਿਆਨੀ ਕੀਤੀ ਜਾ ਰਹੀ, ਸੰਗਤ ਨੂੰ ਗੁਮਰਾਹ ਕਰਨ ਦੇ ਕੋਝੇ ਯਤਨ ਹਨ। ਇਹ ਸਿਧਾਂਤਕ ਫੈਸਲੇ ਹਨ, ਕੋਈ ਸਰਕਾਰੀ ਕਨੂੰਨ ਨਹੀਂ ਕਿ ਨਵੀਆਂ ਭਰਤੀਆਂ ’ਤੇ ਹੀ ਲਾਗੂ ਹੋਣਗੇ ਪਿਛਲੀਆਂ ‘ਤੇ ਨਹੀਂ। ਇੱਕ ਹੋਰ ਗੱਲ ਜੋ ਉਹ ਕਹਿ ਰਹੇ ਕਿ ਸਾਨੂੰ ਬੰਦ ਕਮਰੇ ’ਚ ਸ੍ਰੋ.ਗੁ.ਪ੍ਰ.ਕ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜ਼ੁਬਾਨੀ ਮਨਜ਼ੂਰੀ ਦਿੱਤੀ ਗਈ ਹੈ।
ਸਿੱਖ ਸੰਸਥਾਵਾਂ ਨੇ ਕਿਹਾ ਹੈ ਕਿ ਅਸੀਂ ਫਿਲਮ ਵਾਲਿਆਂ ਦੇ ਧਿਆਨ ’ਚ ਲਿਆਉਣਾ ਚਾਹੁੰਦੇ ਹਾਂ ਕਿ ਜੇਕਰ ਬੰਦ ਕਮਰੇ ਦੀ ਬਜਾਏ ਉਹ ਕੋਈ ਗੈਰ ਸਿਧਾਂਤਕ ਮਨਜ਼ੂਰੀ ਲਿਖਤੀ ਵੀ ਦੇ ਦੇਣ ਫਿਰ ਵੀ ਫੈਸਲਾ ਸਿੱਖ ਸੰਗਤ ਨੇ ਹੀ ਕਰਨਾ ਹੈ। ਲਿਖਤੀ ਮਾਫੀ ਤਾਂ ਸੌਦਾ ਸਾਧ ਨੂੰ ਵੀ ਮਿਲ ਗਈ ਸੀ, ਉਸ ਨੂੰ ਸੰਗਤਾਂ ’ਚ ਪ੍ਰਵਾਨ ਕਰਵਾਉਣ ਲਈ ਸ੍ਰੋ.ਗੁ.ਪ੍ਰ.ਕ ਨੇ 90 ਲੱਖ ਦੇ ਇਸ਼ਤਿਹਾਰ ਵੀ ਅਖਬਾਰਾਂ ਵਿੱਚ ਦਿੱਤੇ ਸਨ ਪਰ ਉਸ ਦੇ ਬਾਵਜੂਦ ਉਹ ਇਸ ਗੈਰ ਸਿਧਾਂਤਕ ਫੈਸਲੇ ਨੂੰ ਸੰਗਤ ਵਿੱਚ ਪ੍ਰਵਾਨ ਨਹੀਂ ਸੀ ਕਰਵਾ ਸਕੇ। ਫਿਲਮ ਵਾਲੇ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਸਾਬਕਾ ਜਥੇਦਾਰ ਦੀ ਇੱਕ ਵੀਡੀਓ ਵੀ ਵਿਖਾ ਰਹੇ ਹਨ, ਜਦਕਿ ਸੌਦਾ ਸਾਧ ਵਾਲੇ ਗਲਤ ਫੈਸਲੇ ਤੋਂ ਬਾਅਦ ਉਹਨਾਂ ਦੇ ਸੁਨੇਹੇ ਹੁਣ ਸਿੱਖ ਸੰਗਤ ਲਈ ਕੋਈ ਮਾਇਨੇ ਨਹੀਂ ਰੱਖਦੇ।
ਉਹਨਾ ਕਿਹਾ ਕਿ ਸ੍ਰੋ.ਗੁ.ਪ੍ਰ.ਕ ਦੀਆਂ ਚੋਣਾਂ ਲਈ ਸਰਗਰਮ ਹੋਏ ਹਿੱਸੇ ਅਤੇ ਵੱਡੇ ਚਿਹਰੇ ਵੀ ਇਸ ਸਿਧਾਂਤਕ ਮਸਲੇ ’ਤੇ ਚੁੱਪ ਹਨ। ਇਤਿਹਾਸ ਦਾ ਇਹ ਸਮਾਂ ਇਸ ਲਈ ਵੀ ਬਹੁਤ ਅਹਿਮ ਹੈ ਕਿ ਇਸ ਵਕਤ ਜਦੋਂ ਬਿਪਰ ਇਹ ਸਿਧਾਂਤਕ ਕੁਰਾਹਾ ਪੱਕਾ ਕਰਨ ਦੇ ਯਤਨ ਵਿੱਚ ਹੈ ਤਾਂ ਸਿੱਖ ਸੰਗਤ ਆਪਣਾ ਬਣਦਾ ਫਰਜ ਨਿਭਾ ਰਹੀ ਹੈ ਅਤੇ ਸਿਰਮੌਰ ਸੰਸਥਾਵਾਂ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀਆਂ ਹਨ। ਇਹਨਾਂ ਦੀ ਇਸ ਢਿੱਲ ਦੇ ਕਰਕੇ ਹੀ ਸਿਨੇਮਾ ਮੰਡੀ ਦੇ ਇਹ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ। ਇਤਿਹਾਸ ਦਾ ਇਹ ਸਮਾਂ ਬਹੁਤ ਅਹਿਮ ਹੈ, ਇਹਨਾਂ ਸੰਸਥਾਵਾਂ ਤੋਂ ਪੰਥ ਦੇ ਠੋਸ ਫੈਸਲੇ ਹੋਣੇ ਚਾਹੀਦੇ ਹਨ।