ਖਾਸ ਲੇਖੇ/ਰਿਪੋਰਟਾਂ

ਸੰਗਤ ਜੀ ਸਾਵਧਾਨ! ਵਪਾਰੀ ਝੂਠ ਬੋਲ ਕੇ ਸਵਾਂਗ ਪ੍ਰਵਾਣ ਕਰਵਾਉਣਾ ਚਾਹੁੰਦੇ ਹਨ

By ਸਿੱਖ ਸਿਆਸਤ ਬਿਊਰੋ

October 25, 2023

1. ‘ਦਾਸਤਾਨ-ਏ-ਸਰਹੰਦ’ ਨਾਮੀ ਵਿਵਾਦਤ ਫਿਲਮ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ। ਇਸ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਕਰਵਾ ਕੇ ਫਿਰ ਉਸ ਨੂੰ ਤਕਨੀਕ ਰਾਹੀਂ ਕਾਰਟੂਨ/ਐਨੀਮੇਸ਼ਨ ਵਿਚ ਬਦਲਿਆ ਗਿਆ ਹੈ।

2. ਇਹ ਫਿਲਮ ਪਿਛਲੇ ਸਾਲ ਜਾਰੀ ਹੋਣੀ ਸੀ ਪਰ ਸੰਗਤ ਦੇ ਵਿਆਪਕ ਵਿਰੋਧ ਦੇ ਮੱਦੇਨਜ਼ਰ ਰੁਕ ਗਈ ਸੀ। ਹੁਣ ਇਹ ਫਿਲਮ ਨੂੰ ਬਣਾਉਣ ਵਾਲੇ ਅਤੇ ਇਸ ਵਿਚ ਕੰਮ ਕਰਨ ਵਾਲੇ ਕੁਝ ਪਤਿਤ ਕਲਾਕਾਰ ਇਸ ਨੂੰ ਮੁੜ ਜਾਰੀ ਕਰਵਾਉਣ ਲਈ ਜੋਰ ਲਗਾ ਰਹੇ ਹਨ। ਉਹਨਾ ਦਾ ਦਾਅਵਾ ਹੈ ਕਿ ਉਹ ਇਹ ਫਿਲਮ 3 ਨਵੰਬਰ 2023 ਨੂੰ ਜਾਰੀ ਕਰਨਗੇ।

3. ਹਾਲ ਵਿਚ ਹੀ ਇਕ ਪੱਤਰਕਾਰ ਵਾਰਤਾ ਤੇ ਚੈਨਲਾਂ ਨਾਲ ਗੱਲਬਾਤ ਦੌਰਾਨ ਫਿਲਮ ਵਾਲਿਆਂ ਨੇ ਝੂਠ ਬਿਆਨੀਆਂ ਕੀਤੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਨੂੰ ਪ੍ਰਵਾਣਗੀ ਦੇ ਦਿੱਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਵਿਰੋਧ ਕਰਨ ਵਾਲੀ ਸੰਗਤ ਦੇ ਵੀ ਫਿਲਮ ਸੰਬੰਧੀ ਕਥਿਤ ਭੁਲੇਖੇ ਦੂਰ ਕਰ ਦਿੱਤੇ ਹਨ।

4. ਫਿਲਮ ਵਾਲਿਆਂ ਦੀਆਂ ਇਹ ਗੱਲਾਂ ਸਰਾਸਰ ਝੂਠ ਹਨ। ਸੰਗਤ ਨੂੰ ਫਿਲਮ ਬਾਰੇ ਕੋਈ ਭੁਲੇਖੇ ਨਹੀਂ ਸਨ ਬਲਕਿ ਸੰਗਤ ਨੇ ਤਾਂ ਪੁਖਤਾ ਪ੍ਰਮਾਣ ਦਿੱਤੇ ਸਨ ਕਿ ਇਹ ਫਿਲਮ ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸਵਾਂਗ ਰਚ ਕੇ ਸਿੱਖ ਰਿਵਾਇਤਾਂ ਦੀ ਉਲੰਘਣਾ ਕਰਦੀ ਹੈ ਇਸ ਲਈ ਇਹ ਨਹੀਂ ਚੱਲਣੀ ਚਾਹੀਦੀ।

5. ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਵੀ ਜਾਣਕਾਰ ਸੱਜਣਾਂ ਨਾਲ ਨਿੱਜੀ ਗੱਲਬਾਤ ਦੌਰਾਨ ਸਾਫ ਕੀਤਾ ਹੈ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਕੋਈ ਮਾਨਤਾ ਦਿੱਤੀ ਹੈ ਤੇ ਨਾ ਹੀ ਅਜਿਹੇ ਸਵਾਂਗ ਰਚਦੀ ਫਿਲਮ ਨੂੰ ਮਾਨਤਾ ਦਿੱਤੀ ਜਾਵੇਗੀ।

6. ਸੰਗਤ ਜੀ, ਫਿਲਮ ਵਾਲੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀਆਂ ਨਕਲਾਂ ਲਾਹੁੰਦੀ ਫਿਲਮ ਝੂਠ ਤੇ ਚਲਾਕੀ ਨਾਲ ਚਲਵਾਉਣ ਦੀ ਫਿਰਾਕ ਵਿਚ ਹਨ।

7. ਸੰਗਤ ਸਵਾਂਗ ਰਚਦੀਆਂ ਇਹਨਾ ਫਿਲਮਾਂ ਦਾ ਵਿਰੋਧ ਵਿਸਮਾਦ ਵਾਲਿਆਂ ਵੱਲੋਂ ਸਾਲ 2005 ਵਿਚ ਬਣਾਈ ਗਈ “ਸਾਹਿਬਜ਼ਾਦੇ” ਨਾਮੀ ਕਾਰਟੂਨ ਫਿਲਮ ਦੇ ਮੌਕੇ ਤੋਂ ਕਰਦੀ ਆ ਰਹੀ ਹੈ। ਉਸ ਵੇਲੇ ਅਸੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਤਤਕਾਲੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਬਕਾਇਦਾ ਲਿਖਤੀ ਬੇਨਤੀ ਕੀਤੀ ਸੀ। ਆਪ ਸਭ ਜਾਣਦੇ ਹੋ ਕਿ ਕਾਰਟੂਨ ਤੋਂ ਚੱਲੀ ਗੱਲ “ਨਾਨਕ ਸ਼ਾਹ ਫਕੀਰ” ਜਿਹੀ ਫਿਲਮ ਤੱਕ ਪੁੱਜੀ ਜਿੱਥੇ ਐਕਟਰਾਂ ਤੋਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਪਰਿਵਾਰਾਂ ਤੇ ਅਜ਼ੀਮ ਗੁਰਸਿੱਖਾਂ ਦੀਆਂ ਨਕਲਾਂ ਲੁਹਾਈਆਂ ਗਈਆਂ ਸਨ।

8. ‘ਦਾਸਤਾਨ-ਏ-ਸਰਹੰਦ’ ਫਿਲਮ ਬਣਾਉਣ ਵਾਲੇ ਤੇ ਇਸ ਦੀ ਮਸ਼ਹੂਰੀ ਕਰਨ ਵਾਲੇ ਕਲਾਕਾਰ ਇਹ ਦਾਅਵਾ ਕਰ ਰਹੇ ਹਨ ਕਿ ਉਹ ਸਿੱਖੀ ਦਾ ਪਰਚਾਰ ਕਰ ਰਹੇ ਹਨ ਪਰ ਖੁਦ ਸਿੱਖੀ ਸਰੂਪ ਧਾਰਨ ਕਰਨ ਤੋਂ ਵੀ ਮੁਨਕਰ ਹਨ। ਅਸੀਂ ਕਿਸੇ ਦੀ ਨਿੱਜੀ ਭਾਵਨਾ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦੇ ਪਰ ਸੋਚਣ ਵਾਲੀ ਗੱਲ ਹੈ ਕਿ ਇਹਨਾ ਦੇ ਸਰੂਪ ਤਾਂ ਇਹ ਫਿਲਮਾਂ ਬਣਾ ਕੇ ਵੀ ਨਹੀਂ ਬਦਲੇ ਤੇ ਸਾਨੂੰ ਪਰਚਾਰ ਦੇ ਨਾਮ ਉੱਤੇ ਗੁਰਮਤਿ ਦੀ ਉਲੰਘਣਾ ਕਰਕੇ ਬਿਪਰ ਦੇ ਨਕਲਾਂ ਤੇ ਸਵਾਂਗਾਂ ਦੇ ਰਸਤੇ ਪੈਣ ਦੀ ਵਕਾਲਤ ਕਰ ਰਹੇ ਹਨ।

9. ਵੈਸੇ ਤਾਂ ਬੀਤੇ 15 ਸਾਲਾਂ ਵਿਚ ਅਣਗਿਣਤ ਵੀਡੀਓ, ਵਖਿਆਨਾਂ, ਸੈਮੀਨਾਰਾਂ, ਲੇਖਾਂ ਤੇ ਬੋਲਦੀਆਂ ਲਿਖਤਾਂ ਵਿਚ ਤਕਨੀਕੀ ਬੁੱਤਪ੍ਰਸਤੀ ਦੇ ਇਸ ਰਾਹ ਬਾਰੇ ਇਤਰਾਜ਼ ਤੇ ਸਿਧਾਂਤਕ ਪੱਖ ਰੱਖ ਚੁੱਕੇ ਹਾਂ ਪਰ ਫਿਰ ਵੀ ਜੇਕਰ ਕੋਈ ਵੀਰ ਭੈਣ ਜਾਨਣਾ ਚਾਹੁੰਦਾ ਹੈ ਕਿ ਇਹ ਫਿਲਮਾਂ ਕਿਉਂ ਨਹੀਂ ਬਣਨੀਆਂ ਤੇ ਚਲੱਣੀਆਂ ਚਾਹੀਦੀਆਂ ਤਾਂ ਉਹ ‘ਖਾਲਸਾ ਬੁੱਤ ਨਾ ਮਾਨੈ ਕੋਈ” ਕਿਤਾਬ ਪੜ੍ਹ ਸਕਦੇ ਹਨ। ਖਾਸ ਵੀਡੀਓ ਤੇ ਲੇਖਾਂ ਦੀਆਂ ਤੰਦਾਂ ਇਸ ਲਿਖਤ ਦੇ ਹੇਠਾਂ ਟਿਪਣੀ ਵਿਚ ਪਾ ਦੇਵਾਂਗੇ ਉਹ ਵੀ ਸੁਣੀਆਂ/ਪੜ੍ਹੀਆਂ ਜਾ ਸਕਦੀਆਂ ਹਨ।

10. ਸੋ ਸਵਾਲ ਇਹ ਹੈ ਕਿ ਹੁਣ ਕੀ ਕੀਤਾ ਜਾਵੇ? ਸੰਗਤ ਜੀ ‘ਦਾਸਤਾਨ-ਏ-ਸਰਹੰਦ’ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਹੈ ਇਸ ਲਈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ।

11. ਇਹ ਫਿਲਮ ਸਿੱਖ ਪਰੰਪਰਾਵਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਭਾਵਨਾ ਅਨੁਸਾਰ ਬੀਤੇ ਵਰ੍ਹੇ ਕੀਤੇ ਗਏ ਮਤੇ ਕਿ ਗੁਰੂ ਸਾਹਿਬਾਨ ਤੇ ਉਹਨਾ ਦੇ ਪਰਿਵਾਰਾਂ ਦੀ ਕਿਸੇ ਵੀ ਤਰ੍ਹਾਂ ਦਾ ਸਵਾਂਗ ਨਹੀਂ ਰਚਿਆ ਜਾ ਸਕਦਾ ਦੀ ਉਲੰਘਣਾ ਕਰਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਨੂੰ ਇਹ ਫਿਲਮ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਜਾਵੇ। ਉਹਨਾ ਦਾ ਫਰਜ਼ ਬਣਦਾ ਹੈ ਕਿ ਇਹ ਸਵਾਂਗ ਬੰਦ ਕਰਵਾਉਣ।

12. ਸਿੱਖ ਸਖਸ਼ੀਅਤਾਂ ਤੇ ਜਥੇਬੰਦੀਆਂ ਇਸ ਮਾਮਲੇ ਵੱਲ ਯੋਗ ਧਿਆਨ ਦੇਣ ਤੇ ਬਣਦੀ ਕਾਰਵਾਈ ਕਰਨ। ਸਥਾਨਕ ਜਥੇ ਆਪਣੇ-ਆਪਣੇ ਇਲਾਕੇ ਦੇ ਸਿਨੇਮਾਘਰਾਂ ਤੇ ਪ੍ਰਸ਼ਾਸਨ ਨੂੰ ਇਹ ਫਿਲਮ ਨਾ ਵਿਖਾਉਣ ਲਈ ਕਹਿਣ।

13. ਸਾਨੂੰ ਪਤਾ ਲੱਗਾ ਹੈ ਕਿ ਫਿਲਮ ਵਾਲੇ ਮੀਡੀਆ ਅਦਾਰਿਆਂ ਉੱਤੇ ਫਿਲਮ ਦੀ ਮਸ਼ਹੂਰੀ ਲਈ ਜੋਰ ਪਾ ਰਹੇ ਹਨ। ਖਬਰ ਅਦਾਰੇ ਪੈਸੇ ਦੇ ਲਾਲਚ ਵਿਚ ਸਿੱਖ ਰਿਵਾਇਤਾਂ ਦੀ ਉਲੰਘਣਾ ਦੇ ਰਾਹ ਨਾ ਪੈਣ। ਸੰਗਤ ਵੀ ਖਬਰਖਾਨੇ ਦੀ ਇਕ ਪੱਖੋਂ ਪਹਿਰੇਦਾਰੀ ਕਰੇ।

ਇਸ ਮਸਲੇ ਵਿਚ ਗੁਰਮਤਿ ਅਤੇ ਸਿੱਖ ਪਰੰਪਰਾ ਉੱਤੇ ਪਹਿਰਾ ਦੇਣ ਲਈ ਇਕਜੁਟ ਹੋਣ ਦੀ ਲੋੜ ਹੈ। ਇਹ ਯਾਦ ਰਹੇ ਕਿ ਇਹ ਫਿਲਮ ਚੱਲੀ ਤਾਂ ਬੀਤੇ ਵਿਚ ਡੱਬਾ ਬੰਦ ਹੋਈਆਂ ਸਵਾਂਗ ਰਚਦੀਆਂ ਫਿਲਮਾਂ ਵਪਾਰੀ ਮੁੜ ਜਾਰੀ ਕਰਨਗੇ। ਖਬਰਦਾਰ ਰਹੀਏ ਤੇ ਆਪਣੀ ਰਿਵਾਇਤ ਉੱਤੇ ਪਹਿਰਾ ਦੇਈਏ। ਭੁੱਲ ਚੁੱਕ ਦੀ ਖਿਮਾ!

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: