ਚੰਡੀਗੜ੍ਹ: ਕੋਬਰਾਪੋਸਟ ਨਾਮੀਂ ਇਕ ਸੰਸਥਾ ਵਲੋਂ ਇਕ ਸਟਿੰਗ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 17 ਵੱਡੇ ਮੀਡੀਆ ਅਦਾਰੇ ਪੈਸੇ ਲੈ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਖਬਰਾਂ ਚਲਾਉਣ ਲਈ ਤਿਆਰ ਹੋ ਗਏ ਸਨ। ਜਾਰੀ ਕੀਤੀ ਗਈ ਵੀਡੀਓ ਵਿਚ ਇਕ ਅੰਡਰਕਵਰ ਪੱਤਰਕਾਰ ਇਹਨਾਂ ਮੀਡੀਆ ਅਦਾਰਿਆਂ ਦੇ ਉੱਚ ਅਧਿਕਾਰੀਆਂ ਜਾ ਮਾਲਕਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਤੇ ਉਪਰੋਕਤ ਖ਼ਬਰਾਂ ਨੂੰ ਚਲਾਉਣ ਲਈ ਇਹ ਲੋਕ ਬਿਨ੍ਹਾ ਕਿਸੇ ਬਿਲ ਤੋਂ ਨਗਦ ਰਾਸ਼ੀ ਲੈਣ ਲਈ ਵੀ ਰਜ਼ਾਮੰਦ ਹਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ ਇਸ ਸਟਿੰਗ ਵਿਚ ਸ਼ਾਮਿਲ ਮੀਡੀਆ ਅਦਾਰਿਆਂ ਵਿਚ ਡੀ.ਐਨ.ਏ, ਦੈਨਿਕ ਜਾਗਰਣ, ਅਮਰ ਉਜਾਲਾ, ਇੰਡੀਆ ਟੀ.ਵੀ, ਸਕੂਪਵੂਪ, ਸਾਧਨਾ ਪਰਾਈਮ, ਪੰਜਾਬ ਕੇਸਰੀ, ਯੂ.ਐਨ.ਆਈ ਨਿਊਜ਼, 9ਐਕਸ ਟਸ਼ਨ, ਸਮਾਚਾਰ ਪਲਸ, ਆਜ ਹਿੰਦੀ ਡੇਲੀ, ਸਵਤੰਤਰ ਭਾਰਤ, ਇੰਡੀਆ ਵਾਚ, ਐਚ.ਐਨ.ਐਨ 24*7, ਰੇਡੀਫ.ਕਾਮ, ਸਬ ਟੀਵੀ, ਹਿੰਦੀ ਅਖਬਾਰ ਦੇ ਨਾਂ ਸ਼ਾਮਿਲ ਹਨ।
ਕੋਬਰਾਪੋਸਟ ਵਲੋਂ ਇਸ ਸਟਿੰਗ ਨੂੰ ਆਪਰੇਸ਼ਨ 136 ਨਾਂ ਦਿੱਤਾ ਗਿਆ ਹੈ। ਇਸ ਸਟਿੰਗ ਵਿਚ ਪੱਤਰਕਾਰ ਪੁਸ਼ਪ ਸ਼ਰਮਾ ਇਕ ਇਕ ਹਿੰਦੂਤਵ ਨੁਮਾਂਇੰਦੇ ਦੇ ਰੂਪ ਵਿਚ ਮੀਡੀਆ ਅਦਾਰਿਆਂ ਦੇ ਮਾਲਕਾਂ ਜਾ ਅਧਿਕਾਰੀਆਂ ਨੂੰ ਮਿਲਦਾ ਹੈ। ਉਹ ਆਪਣਾ ਨਾਂ ਅਚਾਰਿਆ ਅਟਲ ਦਸਦਾ ਹੈ ਅਤੇ ਕੁਝ ਥਾਵਾਂ ‘ਤੇ ਆਪਣੀ ਪਛਾਣ ਉਜੈਨ ਦੇ ਆਸ਼ਰਮ ਨਾਲ ਦਸ ਕੇ ਮਿਲਦਾ ਹੈ ਅਤੇ ਕੁਝ ਥਾਵਾਂ ‘ਤੇ ਸ੍ਰੀਮਦ ਭਾਗਵਤ ਗੀਤਾ ਪ੍ਰਚਾਰ ਸਮਿਤੀ ਦੇ ਨੁਮਾਂਇੰਦੇ ਦੇ ਤੌਰ ‘ਤੇ ਆਪਣੀ ਪਛਾਣ ਕਰਾਉਂਦਾ ਹੈ।
ਸਟਿੰਗ ਦੀ ਵੀਡੀਓ ਵਿਚ ਅਚਾਰਿਆ ਅਟਲ ਉਪਰੋਕਤ ਮੀਡੀਆ ਅਦਾਰਿਆਂ ਨੂੰ ਹਿੰਦੂਤਵ ਅਜੈਂਡੇ ਨੂੰ ਹੱਲਾਸ਼ੇਰੀ ਦੇਣ ਲਈ ਮਨਾਉਂਦਾ ਨਜ਼ਰ ਆ ਰਿਹਾ ਹੈ। ਇੰਡੀਅਨ ਐਕਸਪ੍ਰੈਸ ਅਖਬਾਰ ਦੀ ਰਿਪੋਰਟ ਮੁਤਾਬਿਕ ਜਦੋਂ ਇਹਨਾਂ ਅਦਾਰਿਆਂ ਦੇ ਨੁਮਾਂਇੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਟਿੰਗ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ।
ਕੋਬਰਾਪੋਸਟ ਦੇ ਮੁੱਖ ਸੰਪਾਦਕ ਅਨੀਰੁੱਧ ਬਹਿਲ ਨੇ ਕਿਹਾ ਕਿ ਇਹ ਸਟਿੰਗ ਦਾ ਇਕ ਹਿੱਸਾ ਹੀ ਜਨਤਕ ਕੀਤਾ ਗਿਆ ਹੈ, ਦੂਜੀ ਵੀਡੀਓ ਵੀ ਛੇਤੀ ਜਨਤਕ ਕੀਤੀ ਜਾਵੇਗੀ।
ਕੋਬਰਾਪੋਸਟ ਵਲੋਂ ਜਨਤਕ ਕੀਤੀਆਂ ਗਈਆਂ ਵੀਡੀਓ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝੀਆਂ ਕਰ ਰਹੇ ਹਾਂ: