Site icon Sikh Siyasat News

ਮੋਦੀ ਜਿਹੇ ਸਿਆਸਤਦਾਨ ਅਸਲ ਖਤਰਾ

ਫ਼ਤਹਿਗੜ੍ਹ ਸਾਹਿਬ (23 ਅਪ੍ਰੈਲ, 2011): ਗੁਜਰਾਤ ਦੇ ਇਕ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਹਲਫ਼ਨਾਮੇ ਨਾਲ ਫਰਵਰੀ 2002 ਵਿੱਚ ਹੋਏ ਮੁਸਲਿਮ ਕਤਲੇਆਮ ਵਿੱਚ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਬਾਅਦ ਹੁਣ ਮੋਦੀ ’ਤੇ ਵੀ ਗੋਧਰਾ ਕਾਂਡ ਦੇ ਕਹੇ ਜਾਂਦੇ ਦੋਸ਼ੀਆਂ ਵਾਂਗ ਹੀ ਮੁੱਕਦਮਾ ਚਲਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਖੁਲਾਸਾ ਸਾਹਮਣੇ ਆਉਣ ਤੋਂ ਬਾਅਦ ਮੋਦੀ ਨੂੰ ਹੁਣ ਤੁਰੰਤ ਅਪਣੇ ਆਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਤੁਰੰਤ ਗੁਜਰਾਤ ਸਰਕਾਰ ਨੂੰ ਭੰਗ ਕਰੇ। ਨਹੀਂ ਤਾਂ ਕੇਂਦਰ ਸਰਕਾਰ ਵੀ ਇਨ੍ਹਾਂ ਦੋਸਾਂ ਤੋਂ ਮੁਕਤ ਨਹੀਂ ਹੋਵੇਗੀ ਕਿ ਉਹ ਅਪਣੇ ਅਫਸਰਾਂ ਵਲੋਂ ਅਦਾਲਤਾਂ ਵਿੱਚ ਦਿੱਤੇ ਗਏ ਹਲਫ਼ਨਾਮਿਆਂ ਤੇ ਉਨ੍ਹਾਂ ਵਲੋਂ ਜਾਂਚ ਟੀਮਾਂ ਨੂੰ ਦਿੱਤੀ ਗਈ ਜਾਣਕਾਰੀ ਨੂੰ ਨਜ਼ਰ-ਅੰਦਾਜ ਕਰਕੇ ਅਸਲੀ ਦੋਸ਼ੀਆਂ ਨੂੰ ਬਚਾ ਰਹੀ ਹੈ। ਉਕਤ ਵਿਚਾਰ ਪੇਸ਼ ਕਰਦਿਆਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਮੋਦੀ ਵਰਗੇ ਸਿਆਸਤਦਾਨ ਇਨਸਾਫ ਦੇ ਕਾਤਲ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਕਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਇਸ ਹਲਫੀਆ ਬਿਆਨ ਵਿਚ ਪੇਸ਼ ਤੱਥ ਸਪੱਸ਼ਟ ਕਰਦੇ ਹਨ ਕਿ ਦੇਸ਼ ਦੇ ਸਮੁੱਚੇ ਸਿਸਟਮ ’ਤੇ ਕਿਸ ਤਰ੍ਹਾਂ ਕੱਟੜ ਹਿੰਦੂਵਾਦੀ ਸੋਚ ਕਾਬਜ਼ ਹੋ ਚੁੱਕੀ ਹੈ। ਸ੍ਰੀ ਭੱਟ ਨੇ ਇੱਥੋਂ ਤੱਕ ਦੋਸ਼ ਲਗਾਏ ਹਨ ਕਿ ਵਿਸ਼ੇਸ਼ ਜਾਂਚ ਟੀਮ ਨੇ ਮੋਦੀ ਨੂੰ ਬਚਾਉਣ ਤੇ ਸੱਚ ਛੁਪਾਉਣ ਲਈ ਕਿਵੇਂ ਉਸ (ਭੱਟ) ਵਲੋਂ ਦਿਤੀ ਗਈ ਖੁਫੀਆ ਜਾਣਕਾਰੀ ਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ-ਨਾਲ ਅਫਸਰਾਂ ’ਤੇ ਦਬਾਅ ਪਾਇਆ ਸੀ।

ਉਕਤ ਆਗੂਆਂ ਨੇ ਕਿਹਾ ਕਿ ਕੱਟੜ ਹਿੰਦੂਵਾਦੀ ਦੇਸ਼ ਦੇ ਢਾਂਚੇ ਦੀਆਂ ਜੜਾਂ ਤੱਕ ਫੈਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਚੰਗੇ ਸੰਕੇਤ ਹਨ ਕਿ ਕੁਝ ਇਮਾਨਦਾਰ ਪੁਲਿਸ ਅਫਸਰ ਅੱਗੇ ਆ ਕੇ ਦੇਸ਼ ਦੇ ਲੋਕਾਂ ਨੂੰ ਸਚਾਈ ਤੋਂ ਜਾਣੂੰ ਕਰਵਾ ਰਹੇ ਹਨ। ਸਮਝੌਤਾ ਐਕਸਪ੍ਰੈਸ ਤੇ ਮਸਜਿਦਾਂ ਵਿੱਚ ਹੋਏ ਧਮਾਕਿਆਂ ਵਿੱਚ ਇਨ੍ਹਾਂ ਲੋਕਾਂ ਦੀ ਜਾਂਚ ਵਿੱਚ ਜੁਟੇ ਏ.ਟੀ.ਐਸ. ਮੁਖੀ ਹੇਮੰਤ ਕਰਕਰੇ ਨੂੰ ਕਿਸ ਤਰ੍ਹਾਂ ਮੁੰਬਈ ਹਮਲੇ ਦੀ ਆੜ ਹੇਠ ਸ਼ਹੀਦ ਕੀਤਾ ਗਿਆ ਇਸਦਾ ਖੁਲਾਸਾ ਵੀ ਇਕ ਰਿਟਾਇਰਡ ਪੁਲਿਸ ਅਫਸਰ ਐਸ. ਐਮ. ਮੁਸਰਿਫ ਨੇ ਅਪਣੀ ਕਿਤਾਬ ਠਹੂ ਕਿਲਡ ਕਰਕਰੇੂ ਵਿੱਚ ਕਰਦਿਆਂ ਦੱਸਿਆ ਹੈ ਕਿ ਹਿੰਦੂਵਾਦੀਆਂ ਨੂੰ ਬਚਾਉਣ ਲਈ ਕਿਵੇਂ ਉਨ੍ਹਾਂ ਦੇ ਕਾਰਿਆਂ ਬਾਰੇ ਸਹੀ ਦਿਸ਼ਾ ਵੱਲ ਜਾ ਰਹੀਆਂ ਜਾਂਚਾਂ ਨੂੰ ਇਕ ਤੋਂ ਦੂਜੀ ਜਾਂਚ ਏਜੰਸੀ ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਧਰਾ ਕਾਂਡ ਦੀ ਵੀ ਜੇ ਇਮਾਨਦਾਰੀ ਨਾਲ ਜਾਂਚ ਕਰਵਾਈ ਜਾਵੇ ਤਾ ਇਸ ਪਿੱਛੇ ਵੀ ਇਨ੍ਹਾਂ ਲੋਕਾਂ ਦੀ ਹੀ ਸ਼ਮੂਲੀਅਤ ਸਾਹਮਣੇ ਆ ਆਵੇਗੀ। ਉਨ੍ਹਾ ਕਿਹਾ ਕਿ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਹੀ ਇਸ ਕਾਰੇ ਨੂੰ ਅੰਜ਼ਾਮ ਦਿੱਤਾ ਗਿਆ ਤਾਂ ਜੋ 1984 ਵਾਂਗ ਹੀ ਹਿੰਦੂ ਪੱਤਾ ਖੇਡ ਕੇ ਰਾਜਸੱਤਾ ’ਤੇ ਕਾਬਜ਼ ਹੋਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version