Site icon Sikh Siyasat News

ਵਿਜੀਲੈਂਸ ਅਤੇ ਟਰੈਫਿਕ ਅਧਿਕਾਰੀਆਂ ਦੇ ਬਿਆਨ ਵੱਖੋ-ਵੱਖ, ਜ਼ਬਤ ਕੀਤੀਆਂ ਬੱਸਾਂ ਮੁੜ ਸੜਕਾਂ ’ਤੇ ਆਈਆਂ

ਜਲੰਧਰ: ਵਿਜੀਲੈਂਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਜ਼ਬਤ ਕੀਤੀਆਂ ਗ਼ੈਰ-ਕਾਨੂੰਨੀ ਬੱਸਾਂ ਮੁੜ ਸੜਕਾਂ ’ਤੇ ਦੌੜਨ ਲੱਗ ਪਈਆਂ ਹਨ। ਵਿਜੀਲੈਂਸ ਨੇ ਬਿਨਾਂ ਪਰਮਿਟਾਂ ਤੋਂ ਜੋ ਬੱਸਾਂ ਜ਼ਬਤ ਕੀਤੀਆਂ ਸਨ ਉਹ ਵੱਡੇ ਟਰਾਂਸਪੋਟਰਾਂ ਨੇ ਸ਼ਨੀਵਾਰ ਨੂੰ ਅਤੇ ਕੁਝ ਨੇ ਸ਼ੁੱਕਰਵਾਰ ਨੂੰ ਹੀ ਜ਼ੁਰਮਾਨੇ ਭਰ ਕੇ ਛੁਡਵਾ ਲਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸਾਂ ਦੁਬਾਰਾ ਆਪਣੇ ਪੁਰਾਣੇ ਰੂਟਾਂ ’ਤੇ ਚੱਲ ਰਹੀਆਂ ਹਨ। ਉਧਰ ਵਿਜੀਲੈਂਸ ਵੱਲੋਂ ਸ਼ਨੀਵਾਰ ਨੂੰ ਸਿਰਫ ਤਿੰਨ ਚਲਾਨ ਕੀਤੇ ਗਏ। ਟਰਾਂਸਪੋਰਟਰਾਂ ਨੇ ਨੁਕਸਾਨ ਤੋਂ ਬਚਣ ਲਈ ਕੁਝ ਘੰਟਿਆਂ ਵਿੱਚ ਹੀ ਚੁੱਪਚਾਪ ਜ਼ੁਰਮਾਨੇ ਭਰ ਕੇ ਬੱਸਾਂ ਛੁਡਵਾ ਲਈਆਂ ਹਨ।

ਪ੍ਰਤੀਕਾਤਮਕ ਤਸਵੀਰ

ਮੀਡੀਆ ਰਿਪੋਰਟਾਂ ਮੁਤਾਬਕ ਟਰੈਫਿਕ ਪੁਲਿਸ ਅਤੇ ਵਿਜੀਲੈਂਸ ਦੇ ਆਪਸੀ ਬਿਆਨ ਵੀ ਮੇਲ ਨਹੀਂ ਖਾ ਰਹੇ ਹਨ। ਨਾਕੇ ’ਤੇ ਕਾਰਵਾਈ ਕਰਨ ਵਾਲੇ ਵਿਜੀਲੈਂਸ ਅਫਸਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਾਦਲਾਂ ਦੀ ਮਾਲਕੀ ਵਾਲੀਆਂ ਔਰਬਿਟ ਬੱਸਾਂ ਜ਼ਬਤ ਕੀਤੀਆਂ ਹਨ ਜਦਕਿ ਜਲੰਧਰ ਟਰੈਫਿਕ ਪੁਲਿਸ ਦੇ ਰਿਕਾਰਡ ’ਚ ਔਰਬਿਟ ਬੱਸਾਂ ਦੇ ਕੇਵਲ ਚਲਾਨ ਕੱਟੇ ਗਏ ਹਨ ਅਤੇ ਕਿਸੇ ਵੀ ਬੱਸ ਨੂੰ ਜ਼ਬਤ ਨਹੀਂ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸੀ ਆਗੂ ਅਵਤਾਰ ਹੈਨਰੀ ਦੀ ਕਰਤਾਰ ਬੱਸ ਸਰਵਿਸ ਦੇ ਵੀ ਕੇਵਲ ਚਲਾਨ ਕੱਟੇ ਗਏ ਹਨ।

ਸਬੰਧਤ ਖ਼ਬਰ:

ਵਿਜੀਲੈਂਸ ਵਿਭਾਗ ਨੇ ਨਿੱਜੀ ਬੱਸਾਂ ਦੇ ਕਾਗਜ਼ ਚੈਕ ਕੀਤੇ, ਕਈਆਂ ਦੇ ਚਲਾਨ ਅਤੇ ਕਈਆਂ ਨੂੰ ਛੱਡਿਆ …

ਜਲੰਧਰ ’ਚ ਨਾਕਾ ਲਾਉਣ ਵਾਲੇ ਵਿਜੀਲੈਂਸ ਇੰਸਪੈਕਟਰ ਅਤੇ ਇੱਕ ਹੋਰ ਵੱਡੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਹੱਥੀਂ ਔਰਬਿੱਟ ਦੀਆਂ ਦੋ ਬੱਸਾਂ ਜ਼ਬਤ ਕੀਤੀਆਂ ਸਨ। ਨਾਲ ਹੀ ਹੋਰ ਬੱਸਾਂ ਵੀ ਜ਼ਬਤ ਕਰਕੇ ਸਥਾਨਕ ਪੁਲਿਸ ਲਾਈਨ ਭੇਜੀਆਂ ਗਈਆਂ ਸਨ, ਪਰ ਪੁਲਿਸ ਲਾਈਨ ’ਚ ਇਸ ਵੇਲੇ ਕੇਵਲ ਇੱਕ ਬੱਸ ਖੜ੍ਹੀ ਹੈ ਅਤੇ ਬਾਕੀ ਬੱਸਾਂ ਨੂੰ ਛੱਡ ਦਿੱਤਾ ਗਿਆ ਹੈ। ਟਰੈਫਿਕ ਪੁਲਿਸ ਦੇ ਅੰਕੜਿਆਂ ਅਨੁਸਾਰ ਇੱਕ ਮਰਸਿਡੀਜ਼, ਇੱਕ ਬਾਬਾ ਬੁੱਢਾ ਬੱਸ ਸਰਵਿਸ ਅਤੇ ਇੱਕ ਸਤਲੁਜ ਕੰਪਨੀ ਦੀ ਬੱਸ ਜ਼ਬਤ ਹੋ ਕੇ ਉਨ੍ਹਾਂ ਕੋਲ ਆਈਆਂ ਸਨ, ਜਿਨ੍ਹਾਂ ਨੂੰ ਜ਼ੁਰਮਾਨਾ ਭਰ ਕੇ ਛੁਡਵਾ ਲਿਆ ਗਿਆ ਹੈ। ਟਰੈਫਿਕ ਪੁਲਿਸ ਅਨੁਸਾਰ 29 ਬੱਸਾਂ ਦੇ ਚਲਾਨ ਕੱਟੇ ਗਏ ਹਨ, ਜਿਨ੍ਹਾਂ ਵਿੱਚ ਔਰਬਿਟ ਕੰਪਨੀ ਦੀਆਂ ਪੰਜ ਬੱਸਾਂ ਸ਼ਾਮਲ ਹਨ।

ਸਬੰਧਤ ਖ਼ਬਰ:

ਬਾਦਲ ਦਲ ਅਤੇ ਕਾਂਗਰਸ ਦੋਵਾਂ ਦੀ ਹਮਾਇਤ ਹਾਸਲ ਟਰਾਂਸਪੋਰਟ ਮਾਫੀਆ ਪੰਜਾਬ ‘ਚ ਹਾਲੇ ਵੀ ਸਰਗਰਮ: ਫੂਲਕਾ …

ਡੀ.ਸੀ.ਪੀ. ਵਿਜੀਲੈਂਸ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਵਾਈ ਕਰਕੇ ਬੱਸਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਸੀ ਅਤੇ ਇਸ ਤੋਂ ਅਗਲੀ ਕਾਰਵਾਈ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਕਰਦੇ ਸਮੇਂ ਉਨ੍ਹਾਂ ਕਿਸੇ ਸਿਆਸੀ ਆਗੂ ਦੀ ਕੰਪਨੀ ਦਾ ਖਿਆਲ ਨਹੀਂ ਕੀਤਾ ਅਤੇ ਖਾਮੀਆਂ ਪਾਈਆਂ ਜਾਣ ਵਾਲੀਆਂ ਬੱਸਾਂ ’ਤੇ ਇੱਕ ਸਾਰ ਕਾਰਵਾਈ ਕੀਤੀ ਹੈ।

ਦੂਜੇ ਪਾਸੇ ਪੰਜਾਬ ਦੇ ਬੱਸ ਅਪਰੇਟਰਾਂ ਦੀ ਜਥੇਬੰਦੀ ‘ਦਿ ਪੰਜਾਬ ਮੋਟਰ ਯੂਨੀਅਨ’ ਨੇ ਕੈਪਟਨ ਸਰਕਾਰ ਵੱਲੋਂ ਵਿਜੀਲੈਂਸ ਨੂੰ ਬੱਸਾਂ ਦੀ ਚੈਕਿੰਗ ਦੇ ਦਿੱਤੇ ਅਧਿਕਾਰਾਂ ਦਾ ਵਿਰੋਧ ਕੀਤਾ ਹੈ। ਯੂਨੀਅਨ ਦੀ ਸ਼ਨੀਵਾਰ ਨੂੰ ਇੱਥੇ ਹੋਈ ਮੀਟਿੰਗ ਦੌਰਾਨ ਕਿਹਾ ਗਿਆ ਕਿ ਵਿਜੀਲੈਂਸ ਵੱਲੋਂ ਚੈਕਿੰਗ ਦੇ ਨਾਮ ’ਤੇ ਬੱਸ ਅਪਰੇਟਰਾਂ ਦੀ ਲੁੱਟ ਕੀਤੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਪਹਿਲਾਂ ਹੀ ਘਾਟੇ ਵਿੱਚ ਹੈ, ਉਤੋਂ ਕੈਪਟਨ ਸਰਕਾਰ ਨੇ ਪੁਲਿਸ ਨੂੰ ਇਹ ਅਧਿਕਾਰ ਦੇ ਕੇ ਲੁੱਟ ਦਾ ਰਾਹ ਖੋਲ੍ਹ ਦਿੱਤਾ ਹੈ। ਬੱਸ ਅਪਰੇਟਰਾਂ ਨੇ ਧਮਕੀ ਦਿੱਤੀ ਕਿ ਜੇਕਰ ਸਰਕਾਰ ਟਰਾਂਸਪੋਰਟ ਦੇ ਧੰਦੇ ਨੂੰ ਬੰਦ ਹੀ ਕਰਨਾ ਚਾਹੁੰਦੀ ਹੈ ਤਾਂ ਸਮੂਹ ਟਰਾਂਸਪੋਰਟਰ ਖੁਦ ਹੀ ਬੱਸਾਂ ਦੀਆਂ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ।

ਸਬੰਧਤ ਖ਼ਬਰ:

ਕਾਂਗਰਸ ਦੇ ਰਾਜ ਦੌਰਾਨ ਉਸੇ ਤਰ੍ਹਾਂ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version