Site icon Sikh Siyasat News

ਸ਼ਿਵ ਸੈਨਾ ਆਗੂ ਦੇ ਕਤਲ ਪਿਛੇ ਪੰਜਾਬ ਪੁਲਿਸ ਦੀ ਮਿਲੀਭੁਗਤ ਹੋ ਸਕਦੀ ਹੈ: ਪ੍ਰਧਾਨ, ਸ਼ਿਵ ਸੈਨਾ ਪੰਜਾਬ

ਘਨੌਲੀ: ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਪਿਛਲੇ ਦਿਨੀ ਖੰਨਾ ਵਿੱਚ ਜਿਸ ਕਿਸਮ ਦੇ ਪਿਸਤੌਲ ਨਾਲ ਗੋਲੀ ਮਾਰੀ ਗਈ ਹੈ, ਉਸ ਕਿਸਮ ਦਾ ਪਿਸਤੌਲ ਅਕਸਰ ਪੰਜਾਬ ਪੁਲੀਸ ਵੱਲੋਂ ਵਰਤਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਦੁਰਗਾ ਗੁਪਤਾ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਪੰਜਾਬ ਪੁਲੀਸ ਦੇ ਕਿਸੇ ਮੁਲਾਜ਼ਮ ਦੀ ਕਾਤਲਾਂ ਨਾਲ ਮਿਲੀਭੁਗਤ ਹੋ ਸਕਦੀ ਹੈ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਬੀਤੇ ਦਿਨੀਂ ਖੰਨਾ ਵਿੱਚ ਸ਼ਿਵ ਸੈਨਾ ਆਗੂ ਦੀ ਹੋਈ ਹੱਤਿਆ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਦਾ ਆਪਣੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲੀਸ ਮੁਲਾਜ਼ਮਾਂ ਤੋਂ ਭਰੋਸਾ ਉੱਠ ਗਿਆ ਹੈ ਅਤੇ ਸ਼ਿਵ ਸੈਨਾ ਆਗੂਆਂ ਨੇ ਸੁਰੱਖਿਆ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ।

ਸੰਜੀਵ ਘਨੌਲੀ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਾਕੀ ਨੇਤਾਵਾਂ ਦੀ ਸੁਰੱਖਿਆ ਵੀ ਪੰਜਾਬ ਪੁਲੀਸ ਦੇ ਜਵਾਨਾਂ ਦੇ ਹੱਥਾਂ ਵਿੱਚ ਮਹਿਫੂਜ਼ ਨਹੀਂ ਰਹੀ ਹੈ, ਜਿਸ ਕਰਕੇ ਉਨ੍ਹਾਂ ਆਪਣੀ ਸੁਰੱਖਿਆ ਵਾਪਸ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ।

ਦੂਜੇ ਪਾਸੇ ਪੰਜਾਬ ਪੁਲੀਸ ਨੇ ਸ਼ਿਵ ਸੈਨਾ ਆਗੂ ਦੀ ਸੁਰੱਖਿਆ ਵਾਪਸ ਲੈਣ ਦੀ ਬਜਾਇ ਘਨੌਲੀ ਕਸਬੇ ਦੇ ਆਲੇ ਦੁਆਲੇ ਨਾਕੇ ਲਾ ਕੇ ਹੋਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਸ਼ਿਵ ਸੈਨਾ ਵੱਲੋਂ ਸੁਰੱਖਿਆ ਵਾਪਸ ਕਰਨ ਸਬੰਧੀ ਲਿਖੇ ਪੱਤਰਾਂ ਦੀ ਪੁਸ਼ਟੀ ਕਰਦਿਆਂ ਐਸਐਚਓ ਸਦਰ ਰਾਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਨੇ ਸੁਰੱਖਿਆ ਵਾਪਸ ਕਰਨ ਸਬੰਧੀ ਪੱਤਰ ਲਿਖਿਆ ਹੈ ਪਰ ਪੁਲੀਸ ਵੱਲੋਂ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਜਿੱਥੇ ਉਕਤ ਆਗੂ ਦੀ ਸੁਰੱਖਿਆ ਹਾਲੇ ਵਾਪਸ ਨਹੀਂ ਲਈ ਗਈ ਹੈ ਉੱਥੇ ਹੀ ਘਨੌਲੀ ਕਸਬੇ ਵਿੱਚ 24 ਘੰਟੇ ਲਈ ਪੁਲੀਸ ਦੇ ਹੋਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version