ਫਰੀਦਕੋਟ (3 ਸਤੰਬਰ, 2015): ਸਾਡੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਝੂਠੇ ਦੋਸ਼ ਲਾਉਣਾ ਸਰਕਾਰ ਦੀ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਸੀ, ਜੋ ਮੀਡੀਆ ਖ਼ਾਸ ਕਰਕੇ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਜਲਦੀ ਦੁਨੀਆਂ ਦੇ ਸਾਹਮਣੇ ਆਉਣ ਕਰਕੇ ਬੇਨਕਾਬ ਹੋ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਗਾੜੀ ਬੇਅਦਬੀ ਕੇਸ ਵਿੱਚ ਕੱਲ ਸ਼ਾਮ ਰਿਹਾਅ ਹੋ ਕੇ ਆਏ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਪੁਲਿਸ 13 ਅਕਤੂਬਰ ਦੀ ਰਾਤ ਨੂੰ ਖੰਡਤ ਅੰਗ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਸੀ, ਪਰ ਪੁਲਿਸ ਵੱਲੋਂ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਕੀਤੇ ਸਰੂਪ ਦੇ ਦੋਸ਼ੀਆਂ ਨੂ ਲੱਭਣ ਵਿੱਚ ਨਾਕਾਮ ਰਹਿਣ ਕਰਕੇ ਸੰਗਤ ਇਹ ਅੰਗ ਪੁਲਿਸ ਨੂੰ ਦੇਣ ਦੇ ਹੱਕ ਵਿੱਚ ਨਹੀਂ ਸੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੁਲਿਸ ਨੂੰ ਨਾ ਮਿਲਣ ਕਰਕੇ ਉਹ ਨਮੋਸ਼ੀ ਵਿੱਚ ਸੀ ਅਤੇ ਆਪਣੀ ਨਮੋਸ਼ੀ ਦਾ ਬਦਲਾ ਲੈਣ ਲਈ ਉਨ੍ਹਾਂ ‘ਤੇ ਝੂਠਾ ਕੇਸ ਪਾ ਦਿੱਤਾ।
ਉਨ੍ਹਾਂ ਨੇ ਸਮੁੱਚੀ ਕੌਮ ਵੱਲੋਂ ਉਨ੍ਹਾਂ ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਲਗਾਉਣ ਤੱਕ ਸੰਘਰਸ਼ ਜਾਰੀ ਰਹੇਗਾ।