Site icon Sikh Siyasat News

ਸ਼ਹੀਦਾਂ ਦੇ ਨਾਂ ਉੱਤੇ ਬਣਨ ਵਾਲੇ ਹਸਪਤਾਲ ਦੀ ਉਸਾਰੀ ਰੱਦ ਕਰਨੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ

ਲੁਧਿਆਣਾ, ਪੰਜਾਬ (15 ਫਰਵਰੀ, 2011) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਬਾਦਲ ਸਰਕਾਰ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਸਿੱਖਾਂ ਪ੍ਰਤੀ ਨਫਰਤ ਭਰੀ ਸੋਚ ਅਧੀਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਰਹਿੰਦ ਨੇੜੇ ਪਿੰਡ ਖੇੜਾ ਵਿਖੇ ਉਸਾਰੀ ਅਧੀਨ ਜੱਚਾ-ਬੱਚਾ ਹਸਪਤਾਲ ਦੀ ਉਸਾਰੀ ਰੁਕਵਾਉਣ ਤੇ ਇਸ ਨੂੰ ਜਮੀਨ ਸਮੇਤ ਵੇਚਣ ਦੇ ਫੈਸਲੇ ਦੀ ਸਖਤ ਨੁਕਤਾਚੀਨੀ ਕਰਦੇ ਹੋਏ ਬਾਦਲ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਬੀਬੀ ਚਾਵਲਾ ਦੇ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਵਾਲੇ ਇਸ ਫੈਸਲੇ ਉਪਰ ਤੁਰੰਤ ਰੋਕ ਲਾਕੇ ਇਸ ਹਸਪਤਾਲ ਦੀ ਉਸਾਰੀ ਵਿਚ ਤੇਜ਼ੀ ਲਿਆਦੀ ਜਾਵੇ।ਇਥੇ ਜਿਕਰਯੋਗ ਹੈ ਕਿ ਇਸ ਹਸਪਤਾਲ ਦਾ ਨੀਂਹ ਪੱਥਰ ਪਿਛਲੀ ਕੈਪਟਨ ਸਰਕਾਰ ਵਲੋਂ ਰੱਖਿਆ ਗਿਆ ਸੀ ਤੇ ਵਰਤਮਾਨ ਮੁਖ ਮੰਤਰੀ ਬਾਦਲ ਨੇ ਇਸ ਹਸਪਤਾਲ ਲਈ 5 ਕਰੋੜ ਦਾ ਐਲਾਨ ਵੀ ਕੀਤਾ ਸੀ ਜਿਸ ਵਿਚੋਂ ਢਾਈ ਕਰੋੜ ਇਸਦੀ ਨਿਰਮਾਣ ਅਧੀਨ ਉਸਾਰੀ ਉਪਰ ਖਰਚ ਕੀਤਾ ਜਾ ਚੁਕਾ ਹੈ।ਪਰ ਹੁਣ ਸਿਹਤ ਮੰਤਰੀ ਦੇ ਅਚਾਨਕ ਲਏ ਇਸ ਫੈਸਲੇ ਪਿਛੇ ਜੇ ਕੋਈ ਕਾਰਣ ਨਜ਼ਰ ਆਉਂਦਾ ਹੈ ਤਾਂ ਉਹ ਉਸਦੀ ਫਿਰਕੂ ਤੇ ਨਫਰਤ ਭਰੀ ਸੋਚ ਜਾਂ ਫਿਰ ਨਿੱਜੀ ਹਿੱਤ ਹੋ ਸਕਦੇ ਹਨ।

ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ, ਕੁਲਬੀਰ ਸਿੰਘ ਬੜ੍ਹਾਪਿੰਡ,ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਹੈ ਕਿ ਬੀਬੀ ਚਾਵਲਾ ਦੇ ਦਿਲ ਵਿਚ ਸਿੱਖਾਂ ਪ੍ਰਤੀ ਨਫਰਤ ਕੁੱਟ ਕੁੱਟ ਕੇ ਭਰੀ ਹੋਈ ਹੈ ।ਇਥੋਂ ਤਕ ਕਿ ਉਸਨੂੰ ਪੰਜਾਬੀ ਭਾਸ਼ਾ ਤੋਂ ਵੀ ਨਫਰਤ ਹੈ ਜਿਸਦਾ ਪ੍ਰਗਟਾਵਾ ਉਸਨੇ ਮੰਤਰੀ ਪੱਦ ਸੰਭਾਲਣ ਮੌਕੇ ਸੰਸਕ੍ਰਿਤ ਵਿਚ ਅਹੁਦੇ ਦੀ ਸਹੁੰ ਚੁਕ ਕੇ ਕੀਤਾ ਸੀ ਹਾਲਾਂਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਬੀਬੀ ਚਾਵਲਾ ਸਮੇਤ ਕੋਈ ਵੀ ਸੰਸਕ੍ਰਿਤ ਵਿਚ ਗਲਬਾਤ ਨਹੀਂ ਕਰਦਾ।ਦੁਖ ਦੀ ਗੱਲ ਇਹ ਹੈ ਕਿ ਬਾਦਲਕਿਆਂ ਵਲੋਂ ਇੰਨ੍ਹਾਂ ਗੋਦੀ ਦੇ ਸੱਪਾਂ ਨੂੰ ਉਨ੍ਹਾਂ ਦੀਆਂ ਫਿਰਕੂ ਕਾਰਵਾਈਆਂ ਤੇ ਸਿੱਖ ਵਿਰੋਧੀ ਫੈਸਲਿਆਂ ਨੂੰ ‘ਚੁਪ ਤੇ ਸਵੀਕਾਰਤਾ’ ਦਾ ਦੁਧ ਪਿਲਾਕੇ ਉਤਸਾਹਤ ਕੀਤਾ ਜਾ ਰਿਹਾ ਹੈ।

ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਬਾਦਲ ਦਲ ਦੀ ਸੀਨੀਅਰ ਲੀਡਰਸਿਪ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਸਦੇ ਲੁੱਗ-ਲਾਣਾ ਵਲੋਂ ਭਾਜਪਾ ਮੰਤਰੀ ਵਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਫੈਸਲਿਆਂ ਪ੍ਰਤੀ ਅੱਖਾਂ ਮੀਟ ਲੈਣ ਤੋਂ ਸਪੱਸਟ ਹੈ ਕਿ ਇਹ ਸਾਰੇ ਆਰ.ਐਸ.ਐਸ. ਦੀ ਗੁਲਾਮੀ ਕਬੂਲ ਚੁੱਕੇ ਹਨ। ਸਿੱਖਾਂ ਨੂੰ ਇਸ ਫੈਸਲੇ ਦਾ ਹਰ ਪੱਧਰ ਤੇ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਇਸ ਹਸਪਤਾਲ ਦੀ ਉਸਾਰੀ ਜਲਦੀ ਨੇਪਰੇ ਚੜ੍ਹ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version