February 7, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (6 ਫਰਵਰੀ, 2016): ਲੋਕ ਮਸਲਿਆਂ ‘ਤੇ ਬੇਬਾਕੀ ਨਾਲ ਬੋਲਣ ਵਾਲੇ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਜੂਨ 1984 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਰਕਾਰੀ ਸਰਪ੍ਰਸਤੀ ਹੇਠ ਹੋਏ ਸਿੱਖ ਕਤਲੇਆਮ ਦੌਰਾਨ ਭਾਰਤੀ ਨਿਆਪਾਲਿਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਤਲੇਆਮ ਨੂੰ ਰੋਕਣ ਦੀ ਨਿਆਪਲਿਕਾ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਸੀ, ਕਿਉਂਕਿ ਉਸ ਸਮੇਂ ਭਾਰਤੀ ਉੱਚ ਅਦਾਲਤ ਵਿੱਚ ਜੋ ਜੱਜ ਸਨ, ਉਹ ਕਾਂਗਰਸ ਪੱਖੀ ਸਨ।
ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੀ ਜਾਂਚ ਬਾਰੇ ਬਣਿਆ ਰੰਗਾਨਾਥ ਮਿਸ਼ਰਾ ਕਮਿਸ਼ਨ ਵੀ ਕਾਂਗਰਸ ਪੱਖੀ ਸੀ ਤੇ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜਸਟਿਸ ਰੰਗਾਨਾਥ ਮਿਸ਼ਰਾ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਵੀ ਬਣੇ।’
ਇਹ ਪ੍ਰਗਟਾਵਾ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 84 ਵਿੱਚ ਨਿਆਂਪਾਲਿਕਾ ਦਾ ਰੋਲ ਠੀਕ ਨਹੀਂ ਸੀ। ਅਦਾਲਤ ਕਤਲੇਆਮ ਨੂੰ ਰੁਕਵਾਉਣ ਲਈ ਜੋ ਭੂਮਿਕਾ ਨਿਭਾਅ ਸਕਦੀ ਸੀ, ਉਹ ਨਹੀਂ ਨਿਭਾਈ ਗੲੀ।
ਪੰਜਾਬ ਦੀ ਮੌਜੂਦਾ ਸਿਆਸੀ ਹਾਲਤ ਬਾਰੇ ਗੱਲ ਕਰਦਿਆਂ ਜਸਟਿਸ ਕਾਟਜੂ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਮ ਆਦਮੀ ਪਾਰਟੀ’ ਦੇ ਪੱਖ ‘ਚ ਹਨ ਤੇ ਲੋਕ ਕਹਿ ਰਹੇ ਹਨ ਕਿ ਪੰਜਾਬ ਵਿੱਚ ਇਸ ਵਾਰ ਝਾੜੂ ਚੱਲੇਗਾ। ਉਨ੍ਹਾਂ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਕਿ ਕੇਜਰੀਵਾਲ ਸਟੰਟਬਾਜ਼ ਹੈ ਤੇ ਪੰਜਾਬੀ ਉਸਦੀ ‘ਸਟੰਟਬਾਜ਼ੀ’ ਨੂੰ ਹੀ ਪਸੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਜਾਂ ਮਾਓਵਾਦ ਦੀ ਮੰਗ ਉਠਾਉਣੀ ਗਲਤ ਨਹੀਂ ਹੈ ਪਰ ਇਸਦਾ ਤਰੀਕਾ ਹਿੰਸਕ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਫ਼ਜ਼ਲ ਗੁਰੂ ਤੇ ਯਾਕੂਬ ਮੈਮਨ ਨਿਰਦੋਸ਼ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਇਕਬਾਲੀਆ ਬਿਆਨ ਦੇ ਅਧਾਰ ‘ਤੇ ਫਾਂਸੀ ਦਿੱਤੀ ਗਈ ਹੈ।
ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਬਾਰੇ ਬੋਲਦਿਆਂ ਸ੍ਰੀ ਕਾਟਜੂ ਕਿਹਾ ਕਿ ਬਾਦਲ ਪਰਿਵਾਰ ਦੇ ਪਾਸਪੋਰਟ ਜ਼ਬਤ ਹੋਣੇ ਚਾਹੀਦੇ ਹਨ ਕਿਉਂਕਿ ਬਾਦਲ ਪੰਜਾਬ ਵਿੱਚੋਂ ਭੱਜਣਗੇ। ਅਗਲੀ ਸਰਕਾਰ ਅਕਾਲੀ ਦਲ ਦੀ ਨਹੀਂ ਬਣੇਗੀ ਤੇ ਬਾਦਲ ਪੰਜਾਬ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਇਨ੍ਹਾਂ ਦੇ ਪਾਸਪੋਰਟ ਜ਼ਬਤ ਹੋ ਜਾਣੇ ਚਾਹੀਦੇ ਹਨ।
Related Topics: Indian Judiciary, Justice Markandey Katju, Sikh Massacre, ਸਿੱਖ ਨਸਲਕੁਸ਼ੀ 1984 (Sikh Genocide 1984)