ਫ਼ਤਿਹਗੜ੍ਹ ਸਾਹਿਬ, 15 ਸਤੰਬਰ (ਪੰਜਾਬ ਨਿਊਜ਼ ਨੈੱਟ.) : ਸੌਦਾ ਸਾਧ ਵਿਰੁੱਧ ਸੰਘਰਸ਼ ਦੌਰਾਨ ਪਾਏ ਗਏ ਇੱਕ ਕੇਸ ਦੀ ਤਾਰੀਕ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਅੰਮ੍ਰਿਤਸਰ ਜੇਲ੍ਹ ਤੋਂ ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 12 ਅਕਤੂਬਰ ’ਤੇ ਪਾ ਦਿੱਤੀ ਹੈ। ਲਗਾਤਾਰ ਪੇਸ਼ ਨਾ ਹੋਣ ਵਾਲੇ ਇਸ ਕੇਸ ਦੇ ਗਵਾਹਾਂ ਲਈ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸ ਮੌਕੇ ਪੱਤਰਕਾਰਾਂ ਵਲੋਂ ਅਸੋਕ ਸਿੰਘਲ ਦੀ ਜਥੇਦਾਰ ਨਾਲ ਮੀਟਿੰਗ ਬਾਰੇ ਸਵਾਲ ਦਾ ਜਵਾਬ ਦਿੰਦਿਆ ਭਾਈ ਬਿੱਟੂ ਨੇ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ, 36 ਹੋਰ ਗੁਰਧਾਮਾਂ ਤੇ ਮਸਜਿਦਾਂ ਨੂੰ ਢਾਹੁਣ ਵਾਲੇ ਤੇ ਸਿੱਖ ਨਸ਼ਲਕੁਸ਼ੀ ਲਈ ਜਿੰਮੇਵਾਰ ਲੋਕ ਮਸਜਿਦ ਨੂੰ ਢਾਹ ਕੇ ਉਸ ਥਾਂ ਮੰਦਰ ਉਸਾਰਨ ਦੀ ਘਿਣਾਉਣੀ ਕਾਰਵਾਈ ਵਿਚ ਸਿੱਖਾਂ ਦਾ ਸਾਥ ਕਿਉਂ ਮੰਗਦੇ ਹਨ? ਉਨ੍ਹਾਂ ਕਿਹਾ ਇਹ ਉਹੀ ਲੋਕ ਹਨ ਜੋ ਪੰਥ ਤੇ ਪੰਜਾਬ ਦੀ ਹਰ ਜਾਇਜ਼ ਤੋਂ ਜਾਇਜ਼ ਮੰਗ ਦੇ ਹਮੇਸਾਂ ਵਿਰੋਧ ਵਿੱਚ ਆ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸਿੱਖਾਂ ਸਮੇਤ ਸਮੁੱਚੀਆਂ ਘੱਟਗਿਣਤੀਆਂ ਦੇ ਇਨ੍ਹਾਂ ਦੁਸ਼ਮਣ ਲੋਕਾਂ ਨੂੰ ਮੂੰਹ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇ ਇਹ ਹਿੰਦੂ ਕੱਟੜਪੰਥੀ ਦਿਲੋਂ ਦੂਜੇ ਧਰਮਾਂ ਦਾ ਆਦਰ ਕਰਦੇ ਹਨ ਤਾ ਉਨ੍ਹਾਂ ਦੇ ਨਿੱਜ਼ੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਬੰਦ ਕਰਨ। ਭਾਈ ਬਿੱਟੂ ਨੇ ਕਿਹਾ ਕਿ ਹਰਦੁਆਰ ਦੇ ਗੁਰਦੁਆਰਾ ਗਿਆਨ ਗੋਦਰੀ ਨੂੰ 1984 ਵਿਚ ਢਾਹ ਕੇ ੳੱਥੇ ਦੁਕਾਨਾਂ ਉਸਾਰ ਲਈਆ ਗਈਆਂ ਸਨ, ਇਹ ਥਾਂ ਮੁੜ ਤੋਂ ਗੁਰੁਦਆਰੇ ਦੀ ਉਸਾਰੀ ਲਈ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ਵਿਚ ਉਨਾਂ ਕਿਹਾ ਕਿ ਅਸੋਕ ਸਿੰਘਲ ਵਰਗੇ ਹਿੰਦੂ ਕੱਟੜਪੰਥੀਆਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਗੁਰਧਾਮਾਂ ਵਿਚੋਂ ਕੱਢਣ ਲਈ ਆਗਾਮੀ ਚੋਣਾਂ ਵਿਚ ਸਮੁੱਚੀ ਸਿੱਖ ਕੌਮ ਇਕਜੁੱਟ ਹੋਵੇ ਅਤੇ ਇਹ ਪ੍ਰਬੰਧ ਗੁਰਮੁਤ ਨਾਲ ਲਿਬਰੇਜ਼ ਗੁਰਸਿੱਖਾਂ ਨੂੰ ਸੌਂਪਿਆ ਜਾਵੇ। ਭਾਈ ਬਿੱਟੂ ਦੀ ਪੇਸ਼ੀ ਮੌਕੇ ਉਨ੍ਹਾਂ ਦੇ ਨਾਲ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਸੰਤੋਖ ਸਿੰਘ ਸਲਾਣਾ, ਫੈਡਰੇਸ਼ਨ ਆਗੂ ਕੁਲਵੰਤ ਸਿੰਘ ਕੰਵਲ, ਗੁਰਮੀਤ ਸਿੰਘ ਗੋਗਾ (ਜਿਲ੍ਹਾ ਪ੍ਰਧਾਨ ਪਟਿਆਲਾ), ਸਰਪੰਚ ਗੁਰਮੁਖ ਸਿੰਘ ਡਡਹੇੜੀ, ਪਲਵਿੰਦਰ ਸਿੰਘ ਤਲਵਾੜਾ, ਮੇਹਰ ਸਿੰਘ ਬਸੀ, ਭਗਵੰਤ ਸਿੰਘ ਮਹੱਦੀਆਂ, ਇੰਦਰਜੀਤ ਸਿੰਘ ਸਰਾਂ ਪੱਤੀ ਅਤੇ ਪ੍ਰਮਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।