ਖਾਸ ਖਬਰਾਂ

ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਮੁਕੰਮਲ ਹੋਣ ‘ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਤੁਰੰਤ ਹੋਵੇ : ਮਾਨ

By ਸਿੱਖ ਸਿਆਸਤ ਬਿਊਰੋ

March 18, 2021

ਫ਼ਤਹਿਗੜ੍ਹ ਸਾਹਿਬ –  “2015 ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਦੀ ਜਾਂਚ ਕਰ ਰਹੇ ਸਿੱਟ ਦੇ ਮੁੱਖੀ ਕੰਵਰਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜਾਂਚ ਦੋ ਸਾਲਾ ਦੇ ਸਮੇਂ ਉਪਰੰਤ ਸੰਪੂਰਨ ਹੋਣ ਤੇ ਜੋ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਸ. ਸੁਖਬੀਰ ਸਿੰਘ ਬਾਦਲ ਉਸ ਸਮੇਂ ਦੇ ਗ੍ਰਹਿ ਵਜ਼ੀਰ ਵੱਲੋਂ ਇਸ ਸਾਜਿ਼ਸ ਵਿਚ ਸਾਮਿਲ ਹੋਣ ਵੱਲ ਇਸਾਰਾ ਕੀਤਾ ਹੈ ਅਤੇ ਜਿਸ ਦ੍ਰਿੜਤਾ ਤੇ ਇਮਾਨਦਾਰੀ ਨਾਲ ਉਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਅਮਲ ਹੋਣ ਲਈ ਰਾਹ ਪੱਧਰਾਂ ਕੀਤਾ ਹੈ, ਉਸ ਲਈ ਉਹ ਜਿਥੇ ਪ੍ਰਸ਼ੰਸ਼ਾਂ ਦੇ ਪਾਤਰ ਹਨ, ਉਥੇ ਉਨ੍ਹਾਂ ਵੱਲੋਂ ਪੂਰੀ ਤਨਦੇਹੀ ਤੇ ਦ੍ਰਿੜਤਾ ਨਾਲ ਸਮੁੱਚੇ ਦਸਤਾਵੇਜ਼ ਇਕੱਤਰ ਕਰਕੇ ਅਦਾਲਤ ਨੂੰ ਪੇਸ਼ ਕਰ ਦਿੱਤੇ ਹਨ । ਹੁਣ ਅਦਾਲਤੀ ਕਾਰਵਾਈ ਬਿਨ੍ਹਾਂ ਕਿਸੇ ਦੇਰੀ ਦੇ ਹੋਣੀ ਚਾਹੀਦੀ ਹੈ ਤਾਂ ਕਿ ਕਿੰਨੇ ਵੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾਂ ਕੋਈ ਦੋਸ਼ੀ ਹੋਵੇ, ਉਹ ਕਾਨੂੰਨੀ ਅਮਲ ਦੀ ਮਾਰ ਤੋਂ ਬਚ ਨਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਟ ਦੇ ਮੁੱਖੀ ਕੰਵਰਵਿਜੇ ਪ੍ਰਤਾਪ ਸਿੰਘ ਵੱਲੋਂ ਪੂਰੀ ਦ੍ਰਿੜਤਾ, ਸੰਜ਼ੀਦਗੀ ਅਤੇ ਇਮਾਨਦਾਰੀ ਨਾਲ ਕੀਤੀ ਜਾ ਰਹੀ ਜਾਂਚ ਦੀ ਨਿਭਾਈ ਗਈ ਜਿ਼ੰਮੇਵਾਰੀ ਉਤੇ ਕੰਵਰਵਿਜੇ ਪ੍ਰਤਾਪ ਸਿੰਘ ਦਾ ਧੰਨਵਾਦ ਕਰਦੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਆਈ.ਜੀ ਕੰਵਰਵਿਜੇ ਪ੍ਰਤਾਪ ਸਿੰਘ ਉਤੇ ਮਾਨਸਿਕ, ਸਿਆਸੀ ਤੌਰ ਤੇ ਬਹੁਤ ਵੱਡਾ ਦਬਾਅ ਪਾਇਆ ਗਿਆ ਅਤੇ ਹੁਕਮਰਾਨਾਂ ਵੱਲੋਂ ਉਨ੍ਹਾਂ ਨੂੰ ਟਾਰਚਰ ਤੇ ਜ਼ਲੀਲ ਵੀ ਕੀਤਾ ਗਿਆ ਤਾਂ ਕਿ ਕੋਟਕਪੂਰੇ, ਬਹਿਬਲ ਕਲਾਂ ਗੋਲੀ ਕਾਂਡ ਦਾ ਸੱਚ ਸਾਹਮਣੇ ਨਾ ਆ ਸਕੇ । ਪਰ ਉਨ੍ਹਾਂ ਸਭ ਤਰ੍ਹਾਂ ਦੀਆਂ ਧਮਕੀਆਂ, ਜ਼ਲਾਲਤ ਅਤੇ ਹੋਰ ਦਬਾਅ ਦੇ ਅਸਰ ਨੂੰ ਨਾ ਕਬੂਲਦੇ ਹੋਏ ਉਨ੍ਹਾਂ ਨੇ ਜਿ਼ੰਮੇਵਾਰੀ ਨਿਭਾਈ ਹੈ ।

ਸ. ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਣ ਵਾਲੇ ਡੇਰਾ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਨੂੰ ਪਹਿਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਦੀ ਦੁਰਵਰਤੋਂ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਮੁਆਫ਼ ਕਰਵਾਇਆ । ਫਿਰ ਇਸ ਦਿੱਤੀ ਗਈ ਗੈਰ-ਦਲੀਲ ਮੁਆਫ਼ੀ ਨੂੰ ਸਹੀ ਸਿੱਧ ਕਰਨ ਲਈ ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾਂ ਦੇ ਖਜਾਨੇ ਵਿਚੋਂ 90 ਲੱਖ ਰੁਪਏ ਇਸਤਿਹਾਰਬਾਜੀ ਉਤੇ ਖ਼ਰਚ ਕਰਕੇ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ । ਜਦੋਂ ਸਿੱਖ ਕੌਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆਂ ਲਈ ਸਿਰਸੇਵਾਲੇ ਸਾਧ ਅਤੇ ਬਾਦਲ ਪਰਿਵਾਰ ਵਿਰੁੱਧ ਵੱਡਾ ਰੋਸ ਉਤਪੰਨ ਹੋ ਗਿਆ ਤਾਂ ਇਸ ਨੂੰ ਦਬਾਉਣ ਲਈ ਉਪਰੋਕਤ ਗੋਲੀ ਕਾਂਡ ਦੀ ਸਾਜਿ਼ਸ ਰਚੀ ਗਈ ਹੁਣ ਜਦੋਂ ਪ੍ਰਤੱਖ ਰੂਪ ਵਿਚ ਸਭ ਕੁਝ ਸਾਹਮਣੇ ਆ ਚੁੱਕਾ ਹੈ, ਤਾਂ ਦੋਸ਼ੀਆਂ, ਸਿਆਸਤਦਾਨ ਤੇ ਪੁਲਿਸ ਅਫ਼ਸਰਸ਼ਾਹੀ ਵਿਰੁੱਧ ਫੌਰੀ ਕਾਨੂੰਨੀ ਅਮਲ ਹੋਵੇ ਤਾਂ ਕਿ ਇਸ ਸਾਜਿ਼ਸ ਵਿਚ ਸਾਮਿਲ ਅਤੇ ਸਿੱਖ ਕੌਮ ਤੇ ਜੁਲਮ ਕਰਨ ਵਾਲਿਆ ਵਿਰੁੱਧ ਕਾਨੂੰਨੀ ਅਮਲ ਹੋ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: