ਲੰਡਨ (3 ਜੂਨ, 2015): ਜੂਨ 1984 ਨੂੰ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ ਐਤਵਾਰ ਵਾਲੇ ਦਿਨ ਲੰਡਨ ਵਿੱਚ ਭਾਰੀ ਰੋਸ ਮੁਜਾਹਰਾ ਹੋ ਰਿਹਾ ਹੈ । ਬਰਤਾਨੀਆ ਵਿੱਚ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਇਸ ਰੋਸ ਮੁਜਾਹਰੇ ਲਈ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ।
ਤਕਰੀਬਨ ਇੰਗਲੈਂਡ ਹਰ ਹਰ ਸ਼ਹਿਰ ਤੋਂ ਰੋਸ ਮੁਜਾਹਰੇ ਲਈ ਕੋਚਾਂ ਬੁੱਕ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੋਂ ਸਿੱਖ ਸੰਗਤਾਂ ਦੀ ਲੋੜ ਅਨੁਸਾਰ ਕੋਚਾਂ ਦੀ ਬੁਕਿੰਗ ਜਾਰੀ ਹੈ । ਇੰਗਲੈਂਡ ਭਰ ਤੋਂ ਸਿੱਖ ਸੰਗਤਾਂ ਹਾਈਡ ਪਾਰਕ ਲੰਡਨ ਸਾਊਥ ਕਾਰਨਰ ਵਿਖੇ ਸਵੇਰੇ 11 ਵਜੇ ਇਕੱਤਰ ਹੋਣਗੀਆਂ ।ਜਿੱਥੇ ਇੱਕ ਵਜੇ ਤੱਕ ਸਟੇਜ ਲਗਾਈ ਜਾਵੇਗੀ ।
ਉਪਰੰਤ ਰੋਸ ਮਾਰਵ ਪੰਜ ਸਿੰਘਾਂ ਦੀ ਅਗਵਾਈ ਵਿੱਚ ਰੋਸ ਮਾਰਚ ਅਰੰਭ ਹੋ ਕੇ ਪੂਰੁ ਖਾਲਸਈ ਜਾਹੋ ਜਲਾਲ ਨਾਲ ਲੰਡਨ ਦੀਆਂ ਸੜਕਾਂ ਤੋਂ ਗੁਜ਼ਰੇਗਾ ।
ਅਖੀਰ ਵਿੱਚ ਵਾਟਰਲੂ ਪਲੇਸ ਵਿਖੇ ਪੁੱਜ ਕੇ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੱਡੀ ਰੋਸ ਰੈਲੀ ਕੀਤੀ ਜਾਵੇਗੀ । ਜਿਸ ਵਿੱਚ ਸਿੱਖ ਆਗੂ ਅਤੇ ਪੰਥਕ ਬੁਲਾਰੇ ਸ਼ਾਨਾਮੱਤੇ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਚਮਕਦੇ ਸਿਤਾਰਿਆਂ ਨੂੰ ਸ਼ਰਧਾ ਦੇ ਫੁੱਲ ਅਰਪਤ ਕਰਨਗੇ ਅਤੇ ਲਾਸਾਨੀ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਨਾਲ ਸਿਰਜੇ ਗਏ ਕੌਮੀ ਨਿਸ਼ਾਨੇ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਪ੍ਰਤੀ ਉਸਾਰੂ ਵਿਚਾਰਾਂ ਦਾ ਇਜ਼ਹਾਰ ਕਰਨਗੇ ।
ਭਾਰਤ ਸਰਕਾਰ ਵਲੋਂ ਪਿਛਲੇ 68 ਸਾਲਾਂ ਤੋਂ ਲਗਾਤਾਰ ਸਿੱਖ ਕੌਮ ਨਾਲ ਕੀਤੇ ਜਾ ਰਹੇ ਧੱਕਿਆਂ ,ਵਿਤਕਰਿਆਂ ਅਤੇ ਸਰਕਾਰੀ ਅੱਤਵਾਦ ਨਾਲ ਸਿੱਖ ਕੌਮ ਦੀ ਕੀਤੀ ਗਈ ਨਸਲਕੁਸ਼ੀ ਬਾਰੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ ,ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਭਾਈ ਗੁਰਦਿਆਲ ਸਿੰਘ ਅਟਵਾਲ ,ਦਲ ਖਾਲਸਾ ਯੂ,ਕੇ ਭਾਈ ਮਨਮੋਹਣ ਸਿੰਘ ਖਾਲਸਾ, ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ ,ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਹਿੰਦਰ ਸਿੰਘ ਰਠੌਰ ਨੇ ਆਖਿਆ ਕਿ ਸਮਾਪਤੀ ਉਪਰੰਤ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੁਨ ਨੂੰ ਸਮੂਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਇਆ ਯਾਦ ਪੱਤਰ ਦਿੱਤਾ ਜਾਵੇਗਾ ।