ਤਮਿਲ ਵਿਧਾਨ ਸਭਾ ਵਾਙ ਪੰਜਾਬ ਵਿਧਾਨ ਸਭਾ ਵੀ ਪ੍ਰੋ. ਭੁੱਲਰ ਦੇ ਹੱਕ ਵਿਚ ਮਤਾ ਪਾਸ ਕਰੇ
ਪਟਿਆਲਾ (30 ਅਗਸਤ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ਾਂ ਤਹਿਤ 20 ਸਾਲ ਬਾਅਦ ਤਿੰਨ ਤਮਿਲਾਂ ਨੂੰ ਦਿੱਤੀ ਜਾ ਰਹੀ ਫਾਂਸੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ 11 ਸਾਲ ਤੱਕ ਫਾਂਸੀ ਦੀ ਸਜ਼ਾ ਤਹਿਤ ਨਜ਼ਰਬੰਦ ਰੱਖਣਾ ਤੋਂ ਬਾਅਦ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਣੀ ਚਾਹੀਦੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਅੱਜ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ ਤਿੰਨਾਂ ਨੇ ਉਮਰ ਕੈਦ ਤੋਂ ਲੰਮੀ ਕੈਦ ਕੱਟ ਲਈ ਹੈ ਇਨ੍ਹਾਂ ਵਿਅਕਤੀਆਂ ਨੇ ਆਪਣੀ ਜ਼ਿੰਦਗੀ ਦੇ ਪਿਛਲੇ 11 ਸਾਲ ਫਾਂਸੀ ਕੋਠੀ ਵਿਚ ਗੁਜ਼ਾਰੇ ਹਨ, ਇਸ ਲਈ ਮਨੁੱਖਤਾ ਦੇ ਅਧਾਰ ਉੱਤੇ ਇਨ੍ਹਾਂ ਦੀ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਫਾਂਸੀ ਦੀ ਸਜ਼ਾ “ਨਿਰਦਈ ਅਤੇ ਅਣਮਨੁੱਖੀ ਸਜ਼ਾ” ਦੇ ਤੌਰ ਉੱਤੇ ਮਨੁੱਖੀ ਹੱਕਾਂ ਦੇ ਸੰਸਾਰ ਪੱਧਰੀ ਐਲਾਨਨਾਮੇ ਦੀ ਉਲੰਘਣਾ ਹੋਵੇਗੀ।
ਫੈਡਰੇਸ਼ਨ ਆਗੂ ਨੇ ਤਿੰਨਾਂ ਤਮਿਲਾਂ ਦੀ ਫਾਂਸੀ ਦਾ ਵਿਰੋਧ ਕਰਨ ਵਾਲੀਆਂ ਵਿਦਿਆਰਥੀ, ਪੱਤਰਕਾਰ, ਵਕੀਲ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ ਅਤੇ ਮੁਰੂਗਨ, ਪੈਰਾਵਲਨ ਅਤੇ ਸਨਾਥਨ ਦੇ ਪਰਿਵਾਰਾਂ ਤੇ ਤਮਿਲ ਭਾਈਚਾਰੇ ਨਾਲ ਹਮਦਰਦੀ ਪਰਗਟ ਕੀਤੀ ਹੈ।
ਫੈਡਰੇਸ਼ਨ ਪ੍ਰਧਾਨ ਨੇ ਤਮਿਲ ਨਾਡੂ ਦੀ ਵਿਧਾਨ ਸਭਾ ਵੱਲੋਂ ਅੱਜ ਮੁਰੂਗਨ, ਪੈਰਾਵਲਨ ਅਤੇ ਸਨਾਥਨ ਦੀ ਫਾਂਸੀ ਦੇ ਵਿਰੋਧ ਵਿਚ ਮਤਾ ਪਾਸ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਨੂੰ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਮਤਾ ਪਾਸ ਕਰਨਾ ਚਾਹੀਦਾ ਹੈ।