ਪਟਿਆਲਾ (26 ਅਕਤੂਬਰ, 2009): ‘ਨਵੰਬਰ 1984 ਦਾ ਕਤਲੇਆਮ ਸਿੱਖ ਇਤਿਹਾਸ ਦਾ ਇੱਕ ਅਜਿਹਾ ਸਾਕਾ ਹੈ ਜਿਸ ਨੂੰ ਅਠਾਹਰਵੀਂ ਸਦੀ ਵਿੱਚ ਵਾਪਰੇ ਘੱਲੂਘਾਰਿਆਂ ਵਾਙ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। 1984 ਵਿੱਚ ਜੋ ਕੁਝ ਵੀ ਵਾਪਰਿਆ ਉਹ ਇੱਕ ਅਣਚਿਤਵਿਆ ਕਹਿਰ ਸੀ ਜੋ ਨਾ ਮੰਨਣਯੋਗ, ਨਾ ਭੁੱਲਣਯੋਗ ਅਤੇ ਨਾ ਹੀ ਬਖਸ਼ਣਯੋਗ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕੀਤਾ ਗਿਆ ਹੈ। ਫੈਡਰੇਸ਼ਨ ਦੇ ਸੰਯੁਕਤ ਸਕੱਤਰ ਸ. ਜਗਦੀਪ ਸਿੰਘ ਦੇ ਦਸਤਖਤਾਂ ਹੇਠ ਜਾਰੀ ਇਸ ਬਿਆਨ ਵਿੱਚ ਫੈਡੇਰਸ਼ਨ ਦੇ ਕੌਮੀ ਮੀਤ-ਪ੍ਰਧਾਨ ਭਾਈ ਮੱਖਣ ਸਿੰਘ ਗੰਢੂਆਂ ਅਤੇ ਜਿਲ੍ਹਾ ਆਗੂ ਸ. ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਹੈ ਅੱਜ 25 ਸਾਲ ਬੀਤ ਜਾਣ ਉੱਤੇ ਵੀ ਇਸ ਕਤਲੇਆਮ ਦੇ ਜਖਮ ਹਰ ਜ਼ਮੀਰਦਾਰ ਸਿੱਖ ਦੇ ਸੀਨ ਵਿੱਚ ਹਰੇ ਹਨ। ਉਨ੍ਹਾਂ ਕਿਹਾ ਕਿ ਨਵੰਬਰ 84 ਕਤਲੇਆਮ ਦੇ ਪੀੜਤ ਕੁਝ ਪਰਿਵਾਰ ਹੀ ਨਹੀਂ ਹਨ ਜਿਨ੍ਹਾਂ ਦਾ ਜਾਨੀ ਜਾ ਮਾਲੀ ਨੁਕਸਾਨ ਹੋਇਆ ਸੀ ਬਲਕਿ ਇਹ ਕਤਲੇਆਮ ਤਾਂ ਸਮੁੱਚੀ ਮਨੁੱਖਤਾ ਦੇ ਖਿਲਾਫ ਜੁਰਮ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਰਾਜ ਢਾਂਚਾ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਕਿ ਇੱਥੇ ਸੰਘਰਸ਼ਸ਼ੀਲ ਕੌਮਾਂ ਨੂੰ ਇਨਸਾਫ ਹਾਸਿਲ ਨਹੀਂ ਮਿਲ ਰਿਹਾ। ਇਸ ਲਈ ਪੰਥ ਦਰਦੀ ਜਥੇਬੰਦੀਆਂ ਵੱਲੋਂ 3 ਨਵੰਬਰ 2009 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਸਫਲ ਬਣਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਇੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਦੁਨੀਆ ਉੱਤੇ ਸੱਚ ਦੇ ਹਾਮੀ ਅਜੇ ਵੀ ਵਜ਼ੂਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਸਮੂਹ ਪੰਜਾਬੀਆਂ ਨੂੰ ਏਕੇ ਦਾ ਸਬੂਤ ਦਿੰਦੇ ਹੋਏ ਪੰਜਾਬ ਮੁਕੰਮਲ ਰੂਪ ਵਿੱਚ ਬੰਦ ਕਰਨਾ ਚਾਹੀਦਾ ਹੈ।