ਚੋਣਵੀਆਂ ਲਿਖਤਾਂ

ਸਥਾਪਨਾ ਦਿਹਾੜੇ ‘ਤੇ ਵਿਸ਼ੇਸ਼ – ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵਿਦਿਆਰਥੀ ਧਿਰ ਹੀ ਰਹਿਣ ਦਿੱਤਾ ਜਾਵੇ

By ਸਿੱਖ ਸਿਆਸਤ ਬਿਊਰੋ

September 13, 2011

ਦੁਨੀਆ ਦੀ ਤਵਾਰੀਖ਼ ਵਿਚ ਇਸ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਕਿ ਕਿਸੇ ਵੀ ਕੌਮ ਅੰਦਰ ਉਸ ਦੇ ਨੌਜਵਾਨ ਵਿਦਿਆਰਥੀ ਤਬਕੇ ਨੇ ਮੋਹਰੀ ਤੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਉਹ ਆਪਣੀ ਕੌਮ ਦੀਆਂ ਇਛਾਵਾਂ ਤੇ ਰੀਝਾਂ ਦੀ ਜਥੇਬੰਦਕ ਰੂਪ ‘ਚ ਤਰਜ਼ਮਾਨੀ ਕਰਦੇ ਰਹੇ ਹਨ ਤੇ ਉਨ੍ਹਾਂ ਲਈ ਹਰ ਸੰਭਵ ਕੁਰਬਾਨੀ ਦਿੰਦੇ ਰਹੇ ਹਨ। ਸਿੱਖਾਂ ਵਿਚ ਇਹ ਤਵਾਰੀਖ਼ੀ ਭੂਮਿਕਾ ਸਿੱਖ ਸਟੂਡੈਂਟਸ ਫੈਡਰੇਸ਼ਨ ਅਦਾ ਕਰਦੀ ਰਹੀ ਹੈ। ‘ਸਿੱਖ ਸਟੂਡੈਂਟਸ ਫੈਡਰੇਸ਼ਨ’ ਦਾ ਨਾਂਅ ਸਿਧਾਂਤਕ ਵਿਦਿਆਰਥੀ ਰਾਜਨੀਤੀ ਵਿਚ ਇਕਲੌਤੀ ਅਜਿਹੀ ਧਿਰ ਵਜੋਂ ਆਉਂਦਾ ਹੈ ਜਿਸ ਨੇ ਆਪਣਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬ੍ਰਹਿਮੰਡੀ ਵਿਚਾਰਧਾਰਾ ਨੂੰ ਬਣਾਇਆ ਹੈ। ਇਸ ਦਾ ਇਤਿਹਾਸ ਲਾਸਾਨੀ ਤੇ ਕੁਰਬਾਨੀਆਂ ਭਰਿਆ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਦਾ ਮੁੱਖ ਮਕਸਦ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਇਸ ਕਦਰ ਸੇਧ ਦੇਣੀ ਹੈ ਕਿ ਇਹ ਕੌਮ ਨੂੰ ਭਵਿੱਖ ਵਿਚ ਧਾਰਮਿਕ, ਰਾਜਨੀਤਕ, ਵਿਦਿਅਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ਵਿਚ ਯੋਗ ਅਗਵਾਈ ਦੇ ਸਕੇ।

ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅਖੀਰਲੇ ਸਾਲਾਂ ਅਤੇ ਚੌਥੇ ਦਹਾਕੇ ਦੇ ਮੁੱਢਲੇ ਸਾਲਾਂ ਦਾ ਵੇਲਾ ਵਿਦਿਆਰਥੀਆਂ ਦੀਆਂ ਤਨਜ਼ੀਮਾਂ ਦੇ ਤਾਰੀਖੀ ਸਫ਼ਰ ਦਾ ਮਨਜ਼ੂਰਨਾਮਾ ਸੀ। ਮੁਸਲਮਾਨ ਵਿਦਿਆਰਥੀਆਂ ਨੇ ‘ਮੁਸਲਿਮ ਸਟੂਡੈਂਟਸ ਫੈਡਰੇਸ਼ਨ’, ਹਿੰਦੂ ਵਿਦਿਆਰਥੀਆਂ ਨੇ ‘ਸਟੂਡੈਂਟਸ ਕਾਂਗਰਸ’ ਜਮਾਤਾਂ ਬਣਾਈਆਂ। ਕਮਿਊਨਿਸਟ ਪਾਰਟੀ ਦੀ ‘ਸਟੂਡੈਂਟਸ ਯੂਨੀਅਨ’ ਵੀ ਇਨ੍ਹਾਂ ਵੇਲਿਆਂ ਦੀ ਹੀ ਪੈਦਾਇਸ਼ ਸੀ।

ਉਨ੍ਹਾਂ ਵੇਲਿਆਂ ਵਿਚ ਹੀ 1943 ਵਿਚ ਇਸ ਦੀ ਸਥਾਪਨਾ ਹੋਈ। ਸ: ਸਰੂਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਸਨ। ਲਾਹੌਰ ਵਿਚ ਹੋਈ ਉਸ ਵਕਤ ਇਕ ਬੈਠਕ ਦੌਰਾਨ ਇਸ ਦੇ ਮਿਥੇ ਪੰਜਾਂ ਨਿਸ਼ਾਨਿਆਂ ਵਿਚ ਪਹਿਲਾ ਨਿਸ਼ਾਨਾ ਸੀ, ‘ਸਿੱਖ ਵਿਦਿਆਰਥੀਆਂ ਨੂੰ ਜਥੇਬੰਦ ਕਰਨਾ ਤਾਂ ਜੋ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਹਿਫਾਜ਼ਤ ਕੀਤੀ ਜਾ ਸਕੇ।’ 1947 ਤੋਂ ਬਾਅਦ ਫੈਡਰੇਸ਼ਨ ਦਾ ਮੁੱਖ ਰੋਲ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਪਛਾਣ ਦਾ ਅਹਿਸਾਸ ਕਰਾਉਣ ਦਾ ਰਿਹਾ ਹੈ। ਇਸ ਦੌਰਾਨ ਫੈਡਰੇਸ਼ਨ ਦੀ ਸਭ ਤੋਂ ਵੱਡੀ ਪ੍ਰਾਪਤੀ ਸਾਲਾਨਾ ਗੁਰਮਤਿ ਸਿਖਲਾਈ ਕੈਂਪਾਂ ਦੀ ਸ਼ੁਰੂਆਤ ਸੀ। ਫੈਡਰੇਸ਼ਨ ਨੇ ਜਿਸ ਖੁੱਲ੍ਹ-ਦਿਲੀ ਤੇ ਨਿਰਪੱਖਤਾ ਦਾ ਸਬੂਤ ਦਿੰਦਿਆ ਗ਼ੈਰ-ਸਿੱਖਾਂ ਨੂੰ ਕਲਾਵੇ ‘ਚ ਲਿਆ, ਉਸ ਦੀ ਮਿਸਾਲ ਭਾਈ ਹਰਬੰਸ ਲਾਲ ਦਾ 1954 ਵਿਚ ਫੈਡਰੇਸ਼ਨ ਦਾ ਪ੍ਰਧਾਨ ਬਣਨਾ ਹੈ।

ਫੈਡਰੇਸ਼ਨ ਪਹਿਲੀ ਵਾਰ 1959 ਨੂੰ ਦਸਵੇਂ ਇਜਲਾਸ ਦੌਰਾਨ ਦੁਫਾੜ ਹੋਈ। ਇਸ ਤੋਂ ਅਗਲੇ ਕਈ ਸਾਲ ਇਹ ਜਥੇਬੰਦੀ ਸਿਰਫ ਕਾਗਜ਼ਾਂ ਤੱਕ ਸੀਮਤ ਰਹੀ। ਮੌਜੂਦਾ ਸਮੇਂ ਵਿਚਰ ਰਹੇ ਵੱਖ-ਵੱਖ ਫੈਡਰੇਸ਼ਨ ਗਰੁੱਪਾਂ ਲਈ ਵੀ ਇਹ ਸਬਕ ਹੈ ਕਿ ਜਦ ਵੀ ਫੈਡਰੇਸ਼ਨ ਦੋਫਾੜ ਹੋਈ ਹੈ ਤਾਂ ਇਸ ਦੀ ਤਾਕਤ ਘਟੀ ਹੈ। 1978 ਤੱਕ ਦਾ ਦੌਰ ਫਿਰ ਫੈਡਰੇਸ਼ਨ ਦੇ ਪਤਨ ਵੱਲ ਜਾਣ ਵਾਲਾ ਦੌਰ ਸੀ। 1978 ਦੀ ਵਿਸਾਖੀ (ਨਿਰੰਕਾਰੀ ਕਾਂਡ) ਨੇ ਉਦਾਸੀਆਂ ਦੇ ਆਲਮ ‘ਚ ਵਿਚਰ ਰਹੀ ਸਿੱਖ ਕੌਮ ਨੂੰ ਹਲੂਣਿਆ। ਇਸੇ ਘਟਨਾ ਕਰਕੇ ਫੈਡਰੇਸ਼ਨ ਆਪਣੇ ਪੂਰੇ ਜਾਹੋ-ਜਲਾਲ ਨਾਲ ਮੁੜ ਇਤਿਹਾਸਕ ਰੋਲ ਨਿਭਾਉਣ ਲਈ ਤਤਪਰ ਹੋਈ। ਤਵਾਰੀਖ ਦੀ ਜ਼ਿੰਦਗੀ ਉਹ ਪਲ ਕਦੀ ਵੀ ਨਹੀਂ ਭੁੱਲੇਗੀ ਜਦੋਂ 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫੈਡਰੇਸ਼ਨ ਦੇ ਸਾਲਾਨਾ ਇਜਲਾਸ ਵਿਚ ਭਾਈ ਅਮਰੀਕ ਸਿੰਘ (ਸਪੁੱਤਰ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ) ਨੇ ਇਸ ਜਥੇਬੰਦੀ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਹਿਯੋਗ ਨਾਲ ਭਾਈ ਅਮਰੀਕ ਸਿੰਘ ਨੇ ਗੁਰਮਤਿ ਕੈਂਪ ਤੇ ਦੀਵਾਨਾਂ ਰਾਹੀਂ ਪ੍ਰਚਾਰ ਦਾ ਉਹ ਹੜ੍ਹ ਲਿਆਂਦਾ ਕਿ ਦਾਹੜੀਆਂ ਤੇ ਪੱਗਾਂ ਮੁੜ ਪੰਜਾਬੀ ਗੱਭਰੂਆਂ ਦੇ ਚਿਹਰਿਆਂ ਉਪਰ ਜਲਵਾਗਰ ਹੋਈਆਂ। 1983 ਵਾਲੇ ਡੈਲੀਗੇਟ ਸਮਾਗਮ ਵਿਚ ਭਾਈ ਅਮਰੀਕ ਸਿੰਘ ਪੰਜਵੀਂ ਵਾਰ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਚੁਣਿਆ ਗਿਆ, ਜਦੋਂ ਧਰਮ ਯੁੱਧ ਮੋਰਚਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਚੜ੍ਹਤ ਆਪਣੀਆਂ ਸਿਖਰਾਂ ਛੋਹ ਰਹੀ ਸੀ। ਜੂਨ 1984 ਦੇ ਘੱਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਅਤੇ ਜਰਨਲ ਸੁਬੇਗ ਸਿੰਘ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀਂ ਕਰਦਿਆਂ ਭਾਈ ਅਮਰੀਕ ਸਿੰਘ ਜੀ ਦੇ ਸ਼ਹੀਦ ਹੋ ਜਾਣ ਉਪਰੰਤ ਬਾਕੀ ਲੀਡਰਸ਼ਿਪ ਜੇਲ੍ਹਾਂ ‘ਚ ਡੱਕ ਦਿੱਤੀ ਗਈ। ਇਸ ਤੋਂ ਬਾਅਦ ਫੈਡਰੇਸ਼ਨ ਵਿਚ ਵੰਡੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਪ੍ਰਮੁੱਖ ਰੂਪ ਵਿਚ ਭਾਈ ਹਰਿੰਦਰ ਸਿੰਘ ਕਾਹਲੋਂ, ਭਾਈ ਸਰਬਜੀਤ ਸਿੰਘ ਰੋਪੜ, ਭਾਈ ਗੁਰਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਹਰਮਿੰਦਰ ਸਿੰਘ ਗਿੱਲ, ਭਾਈ ਮਨਜੀਤ ਸਿੰਘ ਆਦਿ ਆਗੂ ਸਾਹਮਣੇ ਆਏ।

ਅਜੋਕੀ ਸਥਿਤੀ

ਅਜੋਕੇ ਸਮੇਂ ਵੀ ਫੈਡਰੇਸ਼ਨ ਦੇ ਕਈ ਗਰੁੱਪ ਬਣੇ ਹੋਏ ਹਨ ਜਿਵੇਂ ਭਾਈ ਰਜਿੰਦਰ ਸਿੰਘ ਮਹਿਤਾ ਗਰੁੱਪ, ਭਾਈ ਗੁਰਚਰਨ ਸਿੰਘ ਗਰੇਵਾਲ ਗਰੁੱਪ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਗਰੁੱਪ, ਭਾਈ ਪਰਮਜੀਤ ਸਿੰਘ ਗਾਜ਼ੀ ਗਰੁੱਪ ਆਦਿ। ਇਨ੍ਹਾਂ ਵਿਚੋਂ ਸਿਰਫ ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਾਲਾ ਗਰੁੱਪ ਹੀ ਵਿਦਿਆਰਥੀਆਂ ਦਾ ਹੈ। ਸਿੱਖਾਂ ਦੀ ਇਸ ਵਿਦਿਆਰਥੀ ਜਥੇਬੰਦੀ ਦੇ ਨਾਂਅ ‘ਤੇ ਵਿਚਰ ਰਹੇ ਗ਼ੈਰ-ਵਿਦਿਆਰਥੀ ਗਰੁੱਪਾਂ ਨੂੰ ਚਾਹੀਦਾ ਹੈ ਕਿ ਇਸ ਜਥੇਬੰਦੀ ਨੂੰ ਨੌਜਵਾਨ ਵਿਦਿਆਰਥੀਆਂ ਲਈ ਛੱਡ ਦਿੱਤਾ ਜਾਵੇ ਤਾਂ ਹੀ ਇਹ ਜਥੇਬੰਦੀ ਆਪਣੇ ਰਵਾਇਤੀ ਜਾਹੋ-ਜਲਾਲ ‘ਚ ਵਾਪਸ ਆ ਸਕਦੀ ਹੈ। ਤਾਂ ਹੀ ਇਹ ਨਿਘਾਰ ਵੱਲ ਜਾ ਰਹੀ ਅਜੋਕੀ ਸਿੱਖ ਨੌਜਵਾਨੀ ਲਈ ਰੋਲ ਮਾਡਲ ਬਣ ਸਕੇਗੀ। ਫੈਡਰੇਸ਼ਨ ਦਾ ਵਜੂਦ ਵਿਦਿਆਰਥੀਆਂ ਕਰਕੇ ਹੀ ਹੈ। ਇਸ ਦੇ ਨਾਂਅ ‘ਤੇ ਆਪਣੇ ਨਿੱਜੀ ਮੁਫਾਦ ਸਿੱਧ ਕਰਨੇ ਗ਼ਲਤ ਗੱਲ ਹੈ।

-ਮੱਖਣ ਸਿੰਘ ਗੰਢੂਆਂ punjabupdate@gmail.com

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: