ਸਿੱਖ ਖਬਰਾਂ

ਵਿਦਿਆਰਥੀਆਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ 67ਵਾਂ ਸਥਾਪਨਾ ਦਿਹਾੜਾ ਮਨਾਇਆ

By ਸਿੱਖ ਸਿਆਸਤ ਬਿਊਰੋ

September 21, 2011

ਪਟਿਆਲਾ/ਲੁਧਿਆਣਾ (20 ਸਤੰਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 67ਵੇਂ ਸਥਾਪਨਾ ਦਿਹਾੜੇ ਮੌਕੇ 20 ਸਤੰਬਰ, 2011 ਕਈ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਵੱਲੋਂ ਸਮਾਗਮ ਕੀਤੇ ਗਏ। ਇਸ ਵਾਰ ਫੈਡਰੇਸ਼ਨ ਦਾ ਸਥਾਪਨਾ ਦਿਹਾੜਾ ਵੱਖ-ਵੱਖ ਇਕਾਈਆਂ ਵੱਲੋਂ ਆਪਣੇ ਪੱਧਰ ਉੱਤੇ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਦੱਸਿਆ ਕਿ ਜਥੇਬੰਦੀ ਦੀ ਸਥਾਪਨਾ ਸੰਨ 1943 ਵਿਚ ਲਾਹੌਰ ਵਿਖੇ ਕੀਤੀ ਗਈ ਸੀ। ਉਨ੍ਹਾਂ ਦੱਸਿਆਂ ਕਿ ਜੂਨ 1984 ਵਿਚ ਭਾਈ ਅਮਰੀਕ ਸਿੰਘ ਜਥੇਬੰਦੀ ਦੀ ਅਗਵਾਈ ਕਰ ਰਹੇ ਸਨ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਫੈਡਰੇਸ਼ਨ ਨੇ ਕਈ ਉਤਰਾਅ-ਚੜਾਅ ਦੇਖੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਭਾਂਪਦਿਆਂ ਸਾਲ 2001-02 ਵਿਚ ਫੈਡਰੇਸ਼ਨ ਦਾ ਪੁਨਰਗਠਨ ਇਕ ਵਿਦਿਆਰਥੀ ਜਥੇਬੰਦੀ ਵੱਜੋਂ ਕੀਤਾ ਗਿਆ ਸੀ, ਅੱਜ ਇਸ ਜਥੇਬੰਦੀ ਦੀ ਅਗਵਾਈ ਵਿਦਿਆਰਥੀਆਂ ਦੇ ਹੱਥ ਵਿਚ ਹੈ।

ਉਨ੍ਹਾਂ ਦੱਸਿਆਂ ਕਿ ਅੱਜ 20 ਸਤੰਬਰ, 2011 ਨੂੰ ਜਥੇਬੰਦੀ ਦਾ ਸਥਾਪਨਾ ਦਿਹਾੜਾ ਸ਼ਹੀਦ ਭਗਤ ਸਿੰਘ ਪੌਲੀਟੈਕਨਿਕ ਕਾਲਜ, ਬਰੜਵਾਲ (ਧੂਰੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਮਾਨਇਆ ਗਿਆ। ਇਨ੍ਹਾਂ ਸਮਾਗਮਾਂ ਦਾ ਪ੍ਰਬੰਧ ਇਨ੍ਹਾਂ ਅਦਾਰਿਆਂ ਵਿਚਲੀਆਂ ਫੈਡਰੇਸ਼ਨ ਦੀਆਂ ਇਕਾਈਆਂ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ।

ਸ਼ਹੀਦ ਭਗਤ ਸਿੰਘ ਕਾਲਜ, ਬਰੜਵਾਲ ਵਿਖੇ ਹੋਏ ਸਮਾਗਮ ਵਿਚ ਕੇਂਦਰੀ ਕਮੇਟੀ ਵੱਲੋਂ ਸ੍ਰ. ਪਰਦੀਪ ਸਿੰਘ ਪੁਆਧੀ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ ਤੇ ਵਿਦਿਆਰਥੀਆਂ ਨੂੰ ਫੈਡਰੇਸ਼ਨ ਦੇ ਸ਼ਾਨਾਂਮੱਤੇ ਇਤਿਹਾਸ, ਮੌਜੂਦਾ ਹਾਲਤ ਤੇ ਭਵਿੱਖ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਫੈਡਰੇਸ਼ਨ ਦੀ ਕਾਲਜ ਇਕਾਈ ਦੇ ਪ੍ਰਧਾਨ ਕਰਨਵੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਚ ਫੈਡਰੇਸ਼ਨ ਵੱਲੋਂ ਦਸਤਾਰ ਸਿਖਲਾਈ ਤੇ ਸਿੱਖ ਪਛਾਣ ਚੇਤਨਾ ਕੈਂਪ ਚੱਲ ਰਿਹਾ ਹੈ ਜਿਸ ਨੂੰ ਵਿਦਿਆਰਥੀਆਂ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਹ ਸਮਾਗਮ ਯੂਨੀਵਰਸਿਟੀ ਕੈਂਪਸ ਸਥਿੱਤ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿਚ ਫੈਡਰੇਸ਼ਨ ਦੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਉਚੇਰੇ ਤੌਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੀਆਂ ਪਿਛਲੀਆਂ ਗਤੀਵਿਧੀਆਂ ਦਾ ਵੇਰਵਾ ਸ੍ਰ. ਗੁਰਪ੍ਰਤਾਪ ਸਿੰਘ ਨੇ ਪੇਸ਼ ਕੀਤਾ। ਇਸ ਮੌਕੇ ਸ੍ਰ. ਮੱਖਣ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਿਚ ਫੈਡਰੇਸ਼ਨ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਆਉਂਦੇ ਦਿਨਾਂ ਵਿਚ ਜਾਰੀ ਰਹੇਗੀ। ਇਸ ਤੋਂ ਇਲਾਵਾ ਫੈਡਰੇਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਅਕਤੂਬਰ ਦੇ ਪਹਿਲੇ ਹਫਤੇ ਵਿਚ ਪੰਜਾਬੀ ਬੋਲੀ ਬਾਰੇ ਇੱਕ ਉੱਚ ਪੱਧਰੀ ਸੈਮੀਨਾਰ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ।

ਇਸੇ ਤਰ੍ਹਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਹੈ। ਕਾਲਜ ਵਿਚ ਫੈਡਰੇਸ਼ਨ ਦੀ ਇਕਾਈ ਦੇ ਗਠਨ ਲਈ ਇੱਕ 11 ਮੈਂਬਰੀ ਤਾਲਮੇਲ ਕਮੇਟੀ ਚੁਣੀ ਗਈ ਹੈ ਜਿਸ ਦੀ ਅਗਵਾਈ ਵਿਚ ਕਾਲਜ ਵਿਚ ਮੈਂਬਰਸ਼ਿਪ ਮੁਹਿੰਮ ਚਲਾ ਕੇ ਆਉਂਦੇ ਦਿਨਾਂ ਵਿਚ ਇਕਾਈ ਦਾ ਇਜਲਾਸ ਬੁਲਾ ਕੇ ਕਾਲਜ ਦੀ ਕੇਂਦਰੀ ਕਮੇਟੀ ਅਤੇ ਜਨਰਲ ਕਮੇਟੀ ਦੀ ਚੋਣ ਕੀਤੀ ਜਾਵੇਗੀ।

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਵਿਦਿਆਰਥੀਆਂ ਦੇ ਇਮਤਿਹਾਨਾਂ ਕਾਰਨ ਫੈਡਰੇਸ਼ਨ ਦੀ ਇਕਾਈ ਦੇ ਮੈਂਬਰਾਂ ਦੇ ਇਕੱਤਰਤਾ ਕਰਕੇ ਸਥਾਪਨਾ ਦਿਹਾੜੇ ਦਾ ਸਮਾਗਮ ਅੱਗੇ ਪਾਉਣ ਦਾ ਫੈਸਲਾ ਲਿਆ ਹੈ। ਉਂਝ ਕਾਲਜ ਦੀ ਇਕਾਈ ਦੇ ਮੈਂਬਰਾਂ ਨੇ ਅੱਜ ਆਪਸੀ ਇਕੱਤਰਤਾ ਕਰਕੇ ਫੈਡਰੇਸ਼ਨ ਦੇ ਉਦੇਸ਼ਾਂ ਤੇ ਅਗਲੇਰੀ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ। ਫੈਡਰੇਸ਼ਨ ਦੀ ਇਕਾਈ ਵੱਲੋਂ ਕਾਲਜ ਵਿਚ ਦਸਤਾਰ ਸਿਖਲਾਈ ਤੇ ਸਿੱਖ ਪਛਾਣ ਚੇਤਨਾ ਕੈਂਪ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਹੈ ਜਿਸ ਨੂੰ ਨਵੇਂ ਵਿਦਿਆਰਥੀਆਂ ਵੱਲੋਂ ਭਾਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: