ਜੇ ਇਕੱਲਾ ਰਤਨ ਸਿੰਘ ਭੰਗੂ ਪੁੱਤਰ ਰਾਇ ਸਿੰਘ ਪੋਤਾ ਮਹਿਤਾਬ ਸਿੰਘ ਨਾ ਹੁੰਦਾ ਤਾਂ ਇੱਕ ਅਹਿਮ ਅਰਸੇ ਦਾ ਤਕਰੀਬਨ ਤਿੰਨ-ਚੌਥਾਈ ਸਿੱਖ ਇਤਿਹਾਸ ਨਾ ਹੁੰਦਾ। ਜਿਵੇਂ ਆਪਣੇ ਇਤਿਹਾਸ ਨੂੰ ਸਾਂਭਣ ਲਈ ਅਸੀਂ ਅੱਜ ਅਵੇਸਲੇ ਹਾਂ ਓਵੇਂ ਹੀ 19ਵੀਂ ਸਦੀ ਵਿੱਚ ਵੀ ਸਾਂ। ਏਸ ਪੱਖੋਂ ਜਾਗਦਾ ਸੀ ਤਾਂ ਇਕੱਲਾ ਰਤਨ ਸਿੰਘ ਹੀ ਜਾਗਦਾ ਸੀ। ਓਸ ਦਾ ਜਾਗਣਾ ਵੀ ਬਣਦਾ ਸੀ ਕਿਉਂਕਿ ਓਸ ਦਾ ਸਿੱਖ ਇਤਿਹਾਸ ਨਾਲ ਖ਼ੂਨ ਦਾ ਰਿਸ਼ਤਾ ਸੀ। ਓਸ ਦਾ ਨਾਨਾ ਸ਼ਾਮ ਸਿੰਘ ਨਾਰਲਾ ਵਾਲਾ ਮਿਸਲਦਾਰ ਸੀ; ਮੱਸਾ ਰੰਘੜ ਨੂੰ ਮਾਰਨ ਵਾਲਾ ਮਹਿਤਾਬ ਸਿੰਘ ਓਸ ਦਾ ਦਾਦਾ ਸੀ। ਓਸ ਦਾ ਬਾਪ, ਤਾਇਆ ਲੱਧਾ ਸਿੰਘ ਅਤੇ ਹੋਰ ਕਈ ਨੇੜੇ ਦੇ ਰਿਸ਼ਤੇਦਾਰ ਸਿੱਖ ਇਤਿਹਾਸ ਦੇ ਨਾਲੋ-ਨਾਲ ਸਾਲਾਂ ਬੱਧੀ ਵਿਚਰੇ ਸਨ। ਉਸ ਦੀ ਯਾਦਾਸ਼ਤ ਵਿੱਚ, ਓਸ ਦੇ ਲਹੂ ਦੇ ਕਣ-ਕਣ ਵਿੱਚ ਘੱਲੂਘਾਰੇ, ਸ਼ਹੀਦੀਆਂ, ਜਾਂਬਾਜ਼ੀਆਂ ਸਮਾਈਆਂ ਹੋਈਆਂ ਸਨ। ਓਸ ਨੇ ਕੇਵਲ ਏਨਾਂ ਕੀਤਾ ਕਿ ਅੱਖਰ-ਅੱਖਰ ਸੱਚ ਲਿਖਿਆ।
ਭੰਗੂ ਦੱਸਦਾ ਹੈ ਕਿ ਸ਼ਾਮ ਸਿੰਘ ਸਮੇਤ ਜਿੰਨੇਂ ਵੀ ਵੱਡੇ ਜਰਨੈਲ ਹੋਏ, ਭਾਈ ਮੰਝ ਸਮੇਤ ਜਿੰਨੇਂ ਵੀ ਵੱਡੇ ਪ੍ਰਚਾਰਕ ਹੋਏ ਸਭ ਦੇ ਸਭ ਓਹਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਹਿੰਦੂਆਂ ਨੇ ਕਦੇ ਹਿੰਦੂ ਨਹੀਂ ਸਮਝਿਆ ਸੀ ਅਤੇ ਹੁਣ ਉਹ ਸਦੀਆਂ ਤੋਂ ਕਈ ਪੜਾਵਾਂ, ਸਰਾਵਾਂ ਰਾਹੀਂ ਹੁੰਦੇ ਹੋਏ ‘ਅੱਧੇ ਮੁਸਲਮਾਨ’ ਬਣ ਚੁੱਕੇ ਸਖੀ ਸਰਵਰ ਦੇ ਪੈਰੋਕਾਰ ਸਨ। ਉਹ ਗੁਰੂ ਦੇ ਫ਼ਲਸਫ਼ੇ ਤੋਂ ਮੁਤਾਸਰ ਹੋ ਕੇ ਪੂਰਾ ਸੰਵਾਦ ਰਚਾਉਣ ਤੋਂ ਬਾਅਦ ਸੰਗਤ ਵਿੱਚ ਆਏ ਸਨ। ਇਹ ਵੇਰਵਾ ਦੇਣਾ ਕੇਵਲ ਭੰਗੂ ਦੇ ਹਿੱਸੇ ਆਇਆ। ਬਾਅਦ ਵਿੱਚ ਅੰਗ੍ਰੇਜ਼ਾਂ ਦੇ ਲਿਖੇ ਗਜ਼ਟੀਅਰ ਦੱਸਦੇ ਹਨ ਕਿ ਸਿੱਖਾਂ ਅਤੇ ਸਰਵਰੀਆਂ ਵਿੱਚ ਬੜੀ ਲਾਗ-ਡਾਟ ਹੈ: ਉਹ ਸਮਝਦੇ ਹਨ ਕਿ ਸਿੱਖਾਂ ਨੇ ਪੀਰ ਦੇ ਪੈਰੋਕਾਰਾਂ ਨੂੰ ਸਿੱਖੀ ਵਿੱਚ ਸ਼ਾਮਲ ਕਰ ਲਿਆ ਹੈ। ਜੇ ਭੰਗੂ ਗੋਸ਼ਟੀਆਂ ਦਾ ਜ਼ਿਕਰ ਨਾ ਕਰਦਾ ਤਾਂ ਦੁਨੀਆ ਸਮਝਦੀ ਸ਼ਾਇਦ ਇਹ ਸਰਵਰੀਏ ਸਿਆਸੀ ਚੜ੍ਹਤ ਵੇਖ ਕੇ ਸਿੱਖਾਂ ਨਾਲ ਆ ਰਲ਼ੇ।
ਜੇ ਕਿਤੇ ਭੰਗੂ ਨਾ ਹੁੰਦਾ ਤਾਂ ਸ਼ਾਇਦ ਕੋਈ ਨਾਨਕ ਚੰਦ ਮਾਸਟਰ ਤਾਰਾ ਸਿੰਘ ਨਾ ਬਣਦਾ, ਨਾ ਕੋਈ ਰਾਮਜੀ ਦਾਸ ਭਗਤ ਪੂਰਨ ਸਿੰਘ। ਸ਼ਾਇਦ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਅਤੇ ਸੋਹਣ ਸਿੰਘ ‘ਸੀਤਲ’ ਦੋ-ਤਿੰਨ ਪੁਸ਼ਤਾਂ ਨੂੰ ਰੂਹ ਦੀ ਖੁਰਾਕ ਪ੍ਰਦਾਨ ਨਾ ਕਰ ਸਕਦੇ।
ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹ ਓਸ ਪ੍ਰੋਟੋਕੌਲ (ਆਉ ਭਗਤ ਦਸਤੂਰ) ਦੀ ਗੱਲ ਕਰਦਾ ਹੈ ਜਿਸ ਤੋਂ ਜ਼ਾਹਰ ਹੈ ਕਿ ਦਸਮੇਸ਼ ਜਦੋਂ ਬਹਾਦਰ ਸ਼ਾਹ ਨੂੰ ਮਿਲੇ ਤਾਂ ਇਹ ਦਸਤੂਰ ਬਣਾਇਆ ਗਿਆ। ਸਾਹਿਬ ਦਰਬਾਰ ਦੇ ਦਰਵਾਜ਼ੇ ਤੱਕ ਘੋੜੇ ਉੱਤੇ ਚੜ੍ਹ ਕੇ ਗਏ, ਸ਼ਸਤਰ ਧਾਰ ਕੇ ਗਏ, ਉਹਨਾਂ ਮੁਗ਼ਲ ਦਰਬਾਰ ਵਿੱਚ ਕਿਰਪਾਨ ਮਿਆਨ ਵਿੱਚੋਂ ਕੱਢੀ; ਕੀਮਤੀ ਦੋਸ਼ਾਲੇ, ਪੁਸ਼ਾਕਾਂ, ਹਜ਼ਰਤ ਅਲੀ ਦਾ ਖੰਡਾ ਆਦਿ ਉਹਨਾਂ ਨੂੰ ਭੇਂਟ ਕੀਤਾ ਗਿਆ ਜੋ ਉਹਨਾਂ ਦੇ ਸੇਵਕ ਚੁੱਕ ਕੇ ਲਿਆਏ। ਇਹ ਸਾਰੀਆਂ ਗੱਲਾਂ ਤਾਂ ਹੋਰ ਕਿਤੇ ਲਿਖੀਆਂ ਮਿਲਦੀਆਂ ਹਨ ਅਤੇ ਇਹਨਾਂ ਵਿੱਚੋਂ ਹਰ ਘਟਨਾ ਮੁਗ਼ਲ ਦਰਬਾਰ ਦੇ ਪ੍ਰਚੱਲਤ ਦਸਤੂਰਾਂ ਦੇ ਵਿਰੁੱਧ ਹੈ। ਭੰਗੂ ਦੇ ਦੱਸੇ ਨਵੇਂ ਖ਼ਾਸ ਅਸੂਲ ਅਨੁਸਾਰ ਜਦੋਂ ਸਾਹਿਬਾਂ ਨੇ ਦਰਵਾਜ਼ੇ ਵਿੱਚ ਪੈਰ ਰੱਖਿਆ ਤਾਂ ਬਾਦਸ਼ਾਹ ਤਖ਼ਤ ਉੱਤੋਂ ਉੱਠ ਕੇ ਜੀ ਆਇਆਂ ਨੂੰ ਆਖਣ ਲਈ ਚੱਲ ਪਿਆ। ਅੱਧਵਾਟੇ ਦੋਨੋਂ ਮਿਲੇ। ਸੱਚੇ ਪਾਤਸ਼ਾਹ ਨੇ ਹਾਲ ਪੁੱਛਿਆ। ਬਹਾਦਰ ਸ਼ਾਹ ਨੇ ਕਿਹਾ ‘ਆਪ ਦੇ ਦਰਸ਼ਨ ਕਰ ਕੇ’ ਆਨੰਦ-ਪ੍ਰਸੰਨ ਹਾਂ। ਫ਼ੇਰ ਉਹ ਸਾਹਿਬਾਂ ਦੇ ਨਾਲ ਤੁਰਦਾ ਹੋਇਆ ਤਖ਼ਤ ਤੱਕ ਆਇਆ ਅਤੇ ਹਜ਼ੂਰ ਨੂੰ ਓਸ ਨੇ ਆਪਣੇ ਨਾਲ ਹੀ ਤਖ਼ਤ ਉੱਤੇ ਬਿਠਾ ਲਿਆ। ਇਹ ਧਰਤ-ਹਿਲਾਊ ਅਤੇ ਆਉਣ ਵਾਲੇ ਸਮਿਆਂ ਲਈ ਸੰਕੇਤ ਕਰਦੀ ਘਟਨਾ ਹੈ ਜੋ ਇਤਿਹਾਸ ਦੇ ਪਰਦੇ ਪਿੱਛੇ ਛੁਪੀ ਰਹੀ ਅਤੇ ਭੰਗੂ ਨੇ ਸ਼ਾਇਦ ਜ਼ਮਾਨੇ ਦੀ ਜ਼ਾਲਮ ਚਾਲ ਸਮਝ ਕੇ ਅਜਿਹੇ ਅੱਖਰਾਂ ਵਿੱਚ ਲਿਖੀ ਕਿ ਚੰਗੀ ਤਰ੍ਹਾਂ ਨਾਲ ਪੜ੍ਹਨ ਵਾਲਾ ਹੀ ਸਮਝ ਸਕੇ। ਇਉਂ ਇਹ ਮਹਿਫੂਜ਼ ਸਾਡੇ ਤੱਕ ਪਹੁੰਚ ਸਕੀ।
ਵੱਡੇ ਅਤੇ ਛੋਟੇ ਘੱਲੂਘਾਰਿਆਂ ਦਾ ਭੰਗੂ ਦਾ ਬਿਆਨ ਏਨਾਂ ਮੁਕੰਮਲ ਹੈ ਕਿ ਕੋਈ ਵੀ ਟੁੱਟਾ-ਭੱਜਾ ਜਰਨੈਲ ਓਸ ਦੇ ਬਿਆਨਾਂ ਨੂੰ ਪੜ੍ਹ ਕੇ ਮੁਕੰਮਲ ਬੈਟਲ-ਰਿਵਿਊ ਲਿਖ ਸਕਦਾ ਹੈ। ਆਖ਼ਰ ਸਭ ਨੂੰ ਜਾਣਨਾ ਚਾਹੀਦਾ ਹੈ ਕਿ ਏਸ਼ੀਆ ਦੇ ਵੱਡੇ ਜੇਤੂ ਜਰਨੈਲ ਅਹਿਮਦ ਸ਼ਾਹ ਕੋਲੋਂ ਸ਼ਮਸ਼ੀਰ ਕਿਵੇਂ ਮੁੱਠੀ ਭਰ ਸਿੱਖਾਂ ਨੇ ਖੋਹੀ ਅਤੇ ਸਦੀਆਂ ਦੇ ਮੁਤਵਾਤਰ ਹੁੰਦੇ ਹਮਲੇ ਕਿਵੇਂ ਆਪਣੇ ਬਾਹੂਬਲ ਨਾਲ ਰੋਕੇ। ਓਸ ਦੇ ਸਾਹਮਣੇ ਤਾਂ ਮੁਗ਼ਲ, ਜਾਟ, ਰਾਜਪੂਤ, ਮਰਾਠੇ ਸਭ ਨਿੱਸਲ ਹੋਏ ਪਏ ਸਨ। ਭੰਗੂ ਰਾਜ਼ ਖੋਲ੍ਹਦਾ ਹੈ ਕਿ ਇਹ ਮੌਜਜ਼ਾ ਕਰਨ ਵਾਲੇ ਬੇ-ਸਾਜ਼ੋ-ਸਾਮਾਨ ਕੰਲਗੀਧਰ ਦੇ ਲਾਡਲੇ ਕਿਹੋ ਜਿਹੇ ਸਨ।
ਓਸ ਜ਼ਮਾਨੇ ਦੇ ਮਹਾਂ ਪਰੋਪਕਾਰੀ ਵੱਡੇ ਜਰਨੈਲ ਬੰਦਾ ਬਹਾਦਰ ਦੇ ਵਿਰੁੱਧ ਕਿਵੇਂ ਓਸ ਸਮੇਂ ਦੇ ਹਿੰਦੂ ਅਤੇ ਮੌਲਾਣੇ ਇੱਕ ਜਾਨ ਹੋ ਕੇ ਜੂਝੇ, ਵੀ ਭੰਗੂ ਦੀ ਲੇਖਣੀ ਤੋਂ ਅਸੀਂ ਜਾਣਦੇ ਹਾਂ। ਬਾਅਦ ਵਿੱਚ ਤੱਤ ਖ਼ਾਲਸਾ ਬਣ ਉਭਰਨ ਵਾਲਿਆਂ ਦੀਆਂ ਕਰਤੂਤਾਂ ਵੀ ਕੇਵਲ ਭੰਗੂ ਹੀ ਦੱਸ ਸਕਦਾ ਸੀ।
ਇੱਕੋ ਬਾਟੇ (ਸੁਨੈਹਰੇ) ਵਿੱਚੋਂ ਲੰਗਰ ਛਕਣ ਵਾਲੇ ਸਿੰਘ ‘ਸੁਨੈਹਰੀਏ ਭਰਾਵਾਂ’ ਦਾ ਧਰਮ ਨਿਭਾਉਂਦੇ ਹੋਏ ਇਕੱਠੇ ਰਣ ਵਿੱਚ ਜੂਝਦੇ ਸਨ। ਸਿੰਘਾਂ ਦੇ ਇਕੱਠੇ ਸ਼ਹੀਦੀਆਂ ਪਾਉਣ ਦੇ ਪ੍ਰਣ ਹੁੰਦੇ ਸਨ। ਮਹਿਤਾਬ ਸਿੰਘ, ਤਾਰੂ ਸਿੰਘ ਨਾਲ ਇਹ ਪ੍ਰਣ ਨਿਭਾਉਣ ਖਾਤਰ ਪੇਸ਼ ਹੋ ਕੇ ਓਸ ਨਾਲ ਸ਼ਹੀਦ ਹੋਇਆ ਸੀ। ਤਾਰਾ ਸਿੰਘ ਵਾਂਅ ਨੂੰ ਪੂਰਬੀਏ ਮਨਸਾ ਰਾਮ ਨੇ ਮੁਗ਼ਲਾਂ ਵੱਲੋਂ ਘੇਰਾ ਪਾਇਆ ਤਾਂ ਆਖ਼ਰੀ ਵਾਰ ਓਸ ਨਾਲ ਜੂਝਣ ਦੇ ਕਉਲ ਨਿਭਾਉਣ ਲਈ ਕਈ ਸਿੰਘ ਦੂਰੋਂ-ਦੂਰੋਂ ਚੱਲ ਕੇ ਆਏ ਅਤੇ ਰਣ ਵਿੱਚ ਜੂਝਦੇ ਹੋਏ ਸ਼ਹੀਦ ਹੋਏ।
ਇਤਿਹਾਸਕਾਰ ਜਾਣਦੇ ਹਨ ਕਿ ਇਹ ਮਨੁੱਖੀ ਮਨ ਦੀ ਸਹਿਜ-ਬੀਰਤਾ ਦੇ ਕਰਿਸ਼ਮੇ ਕਿਸੇ ਹੋਰ ਇਤਿਹਾਸ ਵਿੱਚ ਨਹੀਂ ਮਿਲਦੇ। ਭੰਗੂ ਦੀ ਢਿੱਲੀ ਕਵਿਤਾ, ਓਸ ਦੇ ਵਰਤੇ ਅਵਧੀ, ਬ੍ਰਜ, ਖੜ੍ਹੀ ਬੋਲੀ, ਫ਼ਾਰਸੀ ਦੇ ਲਫ਼ਜ਼ਾਂ ਪਿੱਛੇ ਇਹ ਮਨੁੱਖੀ ਮਨ ਨੂੰ ਅਗੰਮੀ ਹੁਲਾਰਾ ਦੇਣ ਵਾਲੀਆਂ ਕਹਾਣੀਆਂ ਲੁਕਣਮੀਟੀ ਖੇਡ ਰਹੀਆਂ ਸਨ। ਕਿੰਨ੍ਹਾਂ ਨੂੰ ਘੁੰਡ ਪਿੱਛੋਂ ਇਸ਼ਾਰੇ ਕਰਦੀਆਂ ਸਨ; ਕਿੰਨ੍ਹਾਂ ਨੂੰ ਆਪਣੀ ਹੋਂਦ ਦਾ ਝਉਲਾ ਵੀ ਨਹੀਂ ਸੀ ਪੈਣ ਦਿੰਦੀਆਂ; ਜਾਣਨ ਲਈ ‘ਪੰਥ ਪ੍ਰਕਾਸ਼’ ਦਾ ਸਰਲ ਅੰਗ੍ਰੇਜ਼ੀ ਵਿੱਚ ਅਨੁਵਾਦ ਜ਼ਰੂਰੀ ਸੀ। ਕਰਨਾ ਤਾਂ ਕਿਸੇ ਵੱਡੇ ਲੇਖਕ ਦਾਬਣਦਾ ਸੀ ਲੇਕਿਨ ਇਤਫ਼ਾਕ ਨਾਲ ਮੇਰੇ ਵਰਗੇ ਅਣਜਾਣ ਦੇ ਹਿੱਸੇ ਆਇਆ। ਹੁਣ ਤਾਂ ਪੜ੍ਹਨ ਵਾਲੇ ਹੀ ਦੱਸਣਗੇ ਕਿ ਇਹ ਕੰਮ ਕਿੰਨਾਂ ਕੁ ਸਾਰਥਕ ਰਿਹਾ। ਮੁਕੰਮਲ ਉਲੱਥਾ ਦੋ ਜਿਲਦਾਂ ਵਿੱਚ ਛਪ ਕੇ ਪਾਠਕਾਂ ਦੇ ਹੱਥ ਪਹੁੰਚ ਚੁੱਕਿਆ ਹੈ। ਗੁਰੂ ਕੇ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਡੇਢ ਸਦੀ ਭੰਗੂ ਦੇ ਗ੍ਰੰਥ ਨੂੰ ਫਾਨੂਸ ਬਣ ਕੇ ਉਜਾਗਰ ਰੱਖਿਆ ਅਤੇ ਇਤਿਹਾਸਕਾਰੀ ਦੀ, ਸੱਚ ਦੀ ਵੱਡੀ ਜ਼ਿੰਮੇਵਾਰੀ ਨਿਭਾਈ।