ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੇਵਾ ਨਿਭਾ ਚੁੱਕੇ ਅੰਮ੍ਰਿਤ ਸੰਚਾਰ ਜਥੇ ਦੇ ਪੰਜ ਪਿਆਰੇ ਸਿੰਘਾਂ, ਦਲ ਖਾਲਸਾ, ਅਖੰਡ ਕੀਰਤਨੀ ਜਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਅਕਾਲ ਖਾਲਸਾ ਦਲ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਐਤਵਾਰ ਮਾਤਾ ਗੁਜਰ ਕੌਰ ਅਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਕ ਫਤਿਹ ਮਾਰਚ ਦਾ ਅਯੋਜਨ ਕੀਤਾ ਗਿਆ। ਐਤਵਾਰ ਨੂੰ ਬਾਅਦ ਦੁਪਿਹਰ 12.30 ਵਜੇ ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਮ੍ਰਿਤ ਸੰਚਾਰ ਜੱਥੇ ਦੇ ਪੰਜ ਪਿਆਰੇ ਸਿੰਘਾਂ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਅਸਥਾਨ ਦੇ ਨੇੜਲੇ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ, ਸ਼ਹੀਦ ਬਾਬਾ ਗਰਜਾ ਸਿੰਘ ਵਿਖੇ ਅਰਦਾਸ ਕੀਤੀ ਗਈ। ਉਪਰੰਤ ਜੈਕਾਰਿਆਂ ਦੀ ਗੂੰਜ ‘ਚ ਇਹ ਫਤਿਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਲਈ ਰਵਾਨਾ ਹੋਇਆ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ, ਗੁਰਮੀਤ ਸਿੰਘ, ਅਕਾਲ ਖਾਲਸਾ ਦਲ ਦੇ ਸਰਬਜੀਤ ਸਿੰਘ, ਬਲਬੀਰ ਸਿੰਘ, ਅਖੰਡ ਕੀਰਤਨੀ ਜਥਾ ਦੇ ਪ੍ਰਣਾਮ ਸਿੰਘ, ਅੰਮ੍ਰਿਤਪਾਲ ਸਿੰਘ ਦਿੱਲੀ, ਪ੍ਰਿੰਸੀਪਲ ਬਲਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਸਮੇਤ ਵੱਡੀ ਗਿਣਤੀ ਸਿੰਘ ਸ਼ਾਮਿਲ ਹੋਏ। ਸ਼ਹਾਦਤ ਸਬੰਧੀ ਵੱਡੇ-ਵੱਡੇ ਬੈਨਰਾਂ ਸਹਿਤ ਨੌਜੁਆਨ ਸਿੰਘ ਸਿੰਘਣੀਆਂ ਸਤਿਨਾਮ ਵਾਹਿਗੁਰੂ ਜਾਪ ਕਰਦਿਆਂ ਚਲ ਰਹੇ ਸਨ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਦੋ ਦਰਜਨ ਦੇ ਕਰੀਬ ਦਰਬਾਰ ਸਾਹਿਬ ਦੇ ਸੇਵਾਦਾਰਾਂ ਤੇ ਟਾਸਕ ਫੋਰਸ ਦੇ ਸੇਵਾਦਾਰਾਂ ਤਹਿਤ ਗੁਰਦੁਆਰਾ ਸ਼ਹੀਦਗੰਜ਼ ਸਾਹਿਬ ਕੰਪਲੈਕਸ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਸਮੁਚੇ ਸਮਾਗਮ ‘ਤੇ ਨਿਗਰਾਨੀ ਲਈ ਮੌਜੂਦ ਸਨ। ਭਾਈ ਸਤਨਾਮ ਸਿੰਘ ਖੰਡੇਵਾਲਾ (ਅੰਮ੍ਰਿਤ ਸੰਚਾਰ ਜੱਥਾ) ਨੇ ਦੱਸਿਆ ਕਿ ਗੁਰੂ ਦਸਮੇਸ਼ ਦੇ ਵੱਡੇ ਦੋ ਸਾਹਿਬਜ਼ਾਦਿਆਂ ਦੀ ਚਮਕੌਰ ਦੇ ਮੈਦਾਨ, ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਸ਼ਹਾਦਤ ਅਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਮੁਗਲ ਸਲਤਨਤ ਦੇ ਜ਼ੁਲਮ ਜਬਰ ਅਤੇ ਕੂੜ ਉਪਰ ਫਤਿਹ ਹੈ ਇਸ ਲਈ ਅੱਜ ਉਨ੍ਹਾਂ ਦੀ ਯਾਦ ਵਿੱਚ ‘ਫਤਿਹ ਮਾਰਚ’ ਕੱਢਿਆ ਜਾ ਰਿਹਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: