ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਆਪਣੇ ਇਕ ਟਵੀਟ ‘ਚ ਸਪੱਸ਼ਟ ਇੰਕਸ਼ਾਫ ਕੀਤਾ ਕਿ 1980-90 ਦੇ ਦਹਾਕੇ ਦੌਰਾਨ ਪੰਜਾਬ ‘ਚ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਿਆ ਗਿਆ।
ਕੈਪਟਨ ਅਮਰਿੰਦਰ ਨੇ ਆਪਣੇ ਖੁਲਾਸਾ ‘ਚ ਦੱਸਿਆ ਕਿ ਉਨ੍ਹਾਂ ਨੇ 21 “ਖ਼ਾਲਿਸਤਾਨੀ ਖਾੜਕੂਆਂ” ਦਾ ਆਤਮ ਸਮਪਰਣ ਕਰਵਾਇਆ ਸੀ ਪਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਅਮਰਿੰਦਰ ਸਿੰਘ ਨੇ ਆਪਣੇ ਟਵੀਟ ‘ਚ ਇਹ ਵੀ ਖੁਲਾਸਾ ਕੀਤਾ ਕਿ ਬਿਨਾ ਮੁਕੱਦਮਾ ਚਲਾਏ, ਕਾਨੂੰਨ ਦੀ ਉਲੰਘਣਾ ਕਰਕੇ ਕੀਤੇ ਗਏ ਕਤਲ ਭਾਰਤ ਸਰਕਾਰ ਦੀ ਨੀਤੀ ਦਾ ਹਿੱਸਾ ਸੀ।
17 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਲਿਖਿਆ, “ਮੈਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵਲੋਂ ਠੱਗਿਆ ਮਹਿਸੂਸ ਕਰਦਾ ਰਿਹਾ, ਕਿਉਂਕਿ ਜਿਨ੍ਹਾਂ 21 ਖਾਲਿਸਤਾਨੀ ਖਾੜਕੂਆਂ ਦਾ ਮੈਂ ਆਤਮ ਸਮਰਪਣ ਕਰਵਾਇਆ ਸੀ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਮੈਂ ਫੇਰ ਕਦੇ ਚੰਦਰ ਸ਼ੇਖਰ ਨਾਲ ਗੱਲ ਨਹੀਂ ਕੀਤੀ।”
ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੇ ਕਾਰਜਕਰਤਾਵਾਂ ਦਾ ਕਹਿਣਾ ਹੈ ਕਿ 1980-90 ਦੇ ਦਹਾਕੇ ‘ਚ ਪੰਜਾਬ ‘ਚ ਭਾਰਤੀ ਫੌਜ, ਪੁਲਿਸ ਅਤੇ ਸੀ.ਆਰ.ਪੀ.ਐਫ. ਵਲੋਂ ਵੱਡੀ ਗਿਣਤੀ ‘ਚ ਯੋਜਨਾਬੱਧ ਅਤੇ ਜਥੇਬੰਦਕ ਤੌਰ ‘ਤੇ ਝੂਠੇ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ।
ਇਸਤੋਂ ਪਹਿਲਾਂ, 2006 ‘ਚ ਉਸ ਵੇਲੇ ਦੇ ਪੰਜਾਬ ਦੇ ਡੀ.ਜੀ.ਪੀ. ਐਸ.ਐਸ. ਵਿਰਕ ਨੇ ਇਕਬਾਲ ਕੀਤਾ ਸੀ ਕਿ ਉਨ੍ਹਾਂ ਨੇ 300 ਪੁਲਿਸ ਕੈਟਾਂ (1980-90 ਦੇ ਦਹਾਕੇ ਦੌਰਾਨ ਸਿੱਖ ਖਾੜਕੂਆਂ ਦੀ ਪਛਾਣ ਕਰਾਉਣ ਆਦਿ ਕੰਮਾਂ ਲਈ ਵਰਤੇ ਜਾਂਦੇ ਮੁਖਬਰਾਂ ਨੂੰ ਕੈਟ ਕਿਹਾ ਜਾਂਦਾ ਸੀ) ਰੱਖੀਆਂ ਹੋਈਆਂ ਸਨ। ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪੁਲਿਸ ਕੈਟਾਂ ਦੀ ਪਛਾਣ ਨਕਲੀ ਹੁੰਦੀ ਸੀ, ਅਤੇ ਇਨ੍ਹਾਂ ਨੂੰ ਬਾਅਦ ‘ਚ ਮਰਿਆ ਦਿਖਾ ਦਿੱਤਾ ਜਾਂਦਾ ਸੀ ਅਤੇ ਇਨ੍ਹਾਂ ਦੀ ਥਾਂ ‘ਤੇ ਕਿਸੇ ਸਿੱਖ ਨੌਜਵਾਨ ਦਾ ਪੁਲਿਸ ਮੁਕਾਬਲਾ ਦਿੱਖਾ ਦਿੱਤਾ ਜਾਂਦਾ ਸੀ।
ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਮਰਿੰਦਰ ਦਾ ਬਿਆਨ ਅਧਿਕਾਰਤ ਤੌਰ ‘ਤੇ ਇਕਬਾਲ ਹੈ ਕਿ ਭਾਰਤ ਸਰਕਾਰ ਦੀ ਇਹ ਨੀਤੀ ਰਹੀ ਹੈ ਕਿ ਉਨ੍ਹਾਂ ਨੇ 1980-90 ਦੇ ਦਹਾਕੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਵੱਡੇ ਪੱਧਰ ‘ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ‘ਚ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ।