ਚੰਡੀਗੜ੍ਹ: 18 ਅਕਤੂਬਰ ਨੂੰ ਯੂ.ਕੇ. ਦੇ ਨਾਗਰਕਿ ਜਗਤਾਰ ਸਿੰਘ ਜੱਗੀ ਦਾ ਪੰਜਾਬ ਵਿਚ ਅਨੰਦ ਕਾਰਜ ਹੁੰਦਾ ਹੈ ਅਤੇ 4 ਨਵੰਬਰ ਨੂੰ ਪੰਜਾਬ ਪੁਲਿਸ ਉਸਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚੋਂ ਉਸ ਵੇਲੇ ਚੁੱਕ ਕੇ ਲੈ ਜਾਂਦੀ ਹੈ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਖਰੀਦਦਾਰੀ ਕਰਨ ਲਈ ਘਰੋਂ ਨਿਕਲਿਆ ਸੀ। ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਕ ਹੋਰ ਸ਼ਖਸ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਪੰਜਾਬ ਪੁਲਿਸ ਵਲੋਂ 31 ਅਕਤੂਬਰ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਧਰਮਿੰਦਰ ਸਿੰਘ ਗੁਗਨੀ ਅਤੇ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟਾਂ ਲਿਆਉਂਦੀ ਹੈ। ਅਤੇ ਇਸਤੋਂ ਬਾਅਦ ਦੋ ਹੋਰ ਨੌਜਵਾਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਜਿਨ੍ਹਾਂ ਦੇ ਨਾਮ ਰਮਨਦੀਪ ਸਿੰਘ ਪਿੰਡ ਚੂਹੜਵਾਲ, ਜ਼ਿਲ੍ਹਾ ਲੁਧਿਆਣਾ ਅਤੇ ਹਰਦੀਪ ਸਿੰਘ ਸ਼ੇਰਾ, ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਨ।
ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਮੁਖੀ ਵਲੋਂ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਐਲਾਨ ਕੀਤਾ ਜਾਂਦਾ ਹੈ ਕਿ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਅਤੇ ਰਵਿੰਦਰ ਗੋਸਾਈਂ ਦੇ ਕਤਲਾਂ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।
ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਜਗਤਾਰ ਸਿੰਘ ਜੱਗੀ ਅਤੇ ਹੋਰ ਮਾਮਲਿਆਂ ‘ਚ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ ਕੀਤੀ। ਇਨ੍ਹਾਂ ਮਾਮਲਿਆਂ ‘ਚ ਗ੍ਰਿਫਤਾਰੀ ਅਤੇ ਹਿਰਾਸਤ ‘ਚ ਪੰਜਾਬ ਪੁਲਿਸ ਵਲੋਂ ਤਸੀਹੇ ਦੇਣ ਦੇ ਦੋਸ਼ ਆਦਿ ਸਬੰਧਤ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।
ਇਹ ਗੱਲਬਾਤ 23 ਨਵੰਬਰ, 2017 ਨੂੰ ਰਿਕਾਰਡ ਕੀਤੀ ਗਈ ਅਤੇ 25 ਨਵੰਬਰ ਨੂੰ ਅਕਾਲ ਚੈਨਲ ਯੂ.ਕੇ. ‘ਤੇ ਪ੍ਰਸਾਰਿਤ ਕੀਤੀ ਗਈ ਸੀ। ਇਸ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ‘ਤੇ ਇਹ 26 ਨਵੰਬਰ ਨੂੰ ਜਾਰੀ ਕੀਤੀ ਗਈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Special Talk with Advo. Jaspal Singh Manjhpur about Jagtar Singh Johal and Other Cases …