ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖ ਸਮੂਹਕ ਯਾਦ ਉੱਤੇ ਅਮਿਟ ਨਿਸ਼ਾਨ ਛੱਡ ਗਿਆ ਹੈ। ਸਿੱਖ ਇਤਿਹਾਸ ਵਿਚ ਵਾਪਰੇ ਦੋ ਮਹਾਂਘਾਣਾਂ, ਜਿਨ੍ਹਾਂ ਨੂੰ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਵਾਙ ਹੀ ਜੂਨ 1984 ਦਾ ਇਹ ਹਮਲਾ ਸਿੱਖਾਂ ਲਈ ਸਭਿਆਚਾਰਕ ਦੁਖਾਂਤ ਦਾ ਰੁਤਬਾ ਰੱਖਦਾ ਹੈ ਜਿਸ ਨੂੰ ਹੁਣ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਇਸ ਘੱਲੂਘਾਰੇ ਨੂੰ ਵਾਪਰਿਆਂ 28 ਸਾਲ ਬੀਤ ਚੱਲੇ ਹਨ ਤੇ ਸਿੱਖ ਕੌਮ ਇਕ ਪੀੜ੍ਹੀ ਦੀ ਹਥਿਆਰਬੰਦ ਜਦੋ-ਜਹਿਦ ਹੰਢਾਉਣ ਤੋਂ ਬਾਅਦ ਹੁਣ ਫਿਰ ਬੀਤੇ ਦੀ ਪੜਚੋਲ ਕਰਦਿਆਂ, ਵਾਪਰ ਰਹੇ ਨੂੰ ਸਮਝਣ ਅਤੇ ਆਪਣੇ ਚਿਤਵੇ ਭਵਿੱਖ ਨੂੰ ਸਾਕਾਰ ਕਰਨ ਲਈ ਰਾਹ ਲੱਭਣ ਦੇ ਯਤਨ ਕਰ ਰਹੀ ਹੈ। ਜੂਨ ਅਤੇ ਨਵੰਬਰ 1984 ਭਵਿੱਖ ਸਿਰਜਣ ਦੇ ਅਜਿਹੇ ਕਿਸੇ ਵੀ ਯਤਨ ਸੰਬੰਧੀ ਹੋਣ ਵਾਲੀ ਵਿਚਾਰ ਦਾ ਅਹਿਮ ਹਿੱਸਾ ਰਹੇਗਾ। ਇਹ ਉਹ ਘਟਨਾਵਾਂ ਹਨ ਜਿਨ੍ਹਾਂ ਭਾਰਤ ਅਤੇ ਸਿੱਖਾਂ ਦੇ ਸੰਬੰਧਾਂ ਨੂੰ ਮੁਢ ਤੋਂ ਮੁੜ-ਪਰਭਾਸ਼ਤ ਕੀਤਾ ਅਤੇ ਸਿੱਖ ਕੌਮ ਨੂੰ ਭਾਰਤ ਅੰਦਰ ਆਪਣੀ ਹੋਣੀ ਦਾ ਗੰਭੀਰਤਾ ਨਾਲ ਅਹਿਸਾਸ ਕਰਵਾਇਆ।
ਹੁਣ ਜਦੋਂ ਸਿੱਖਾਂ ਦੀ ਨਵੀਂ ਪੀੜ੍ਹੀ ਪਰਵਾਰਕ, ਸਮਾਜਕ ਅਤੇ ਰਾਜਸੀ ਮੰਚ ਉੱਤੇ ਉੱਭਰ ਰਹੀ ਹੈ ਅਤੇ ਸਮੇਂ ਦਾ ਰੌਂ 28 ਵਰ੍ਹਿਆਂ ਵਿਚ ਬਹੁਤ ਬਦਲ ਚੁੱਕਾ ਹੈ ਤਾਂ ਸਿੱਖ ਨੌਜਵਾਨਾਂ ਲਈ ਜੂਨ 1984 ਦੇ ਘੱਲੂਘਾਰੇ ਨੂੰ ਦੇਖਣ ਸਮਝਣ ਦਾ ਆਪਣਾ ਨਜ਼ਰੀਆ ਵਿਕਸਤ ਕਰਨਾ ਜਰੂਰੀ ਹੋ ਗਿਆ ਹੈ ਜਿਸ ਦੀਆਂ ਜੜ੍ਹਾਂ ਸਿੱਖੀ ਅਤੇ ਸਿੱਖ ਵਿਰਸੇ ਵਿਚ ਹੋਣ ਅਤੇ ਹੋ ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੋਵੇ।
ਇਸੇ ਯਤਨ ਤਹਿਤ “ਸਿੱਖ ਸਿਆਸਤ” ਵੱਲੋਂ ਇਕ ਵਿਸ਼ੇਸ਼ ਲਿਖਤ ਲੜੀ “ਜ਼ਖਮ ਨੂੰ ਸੂਰਜ ਬਣਾਓ …” ਸਿਰਲੇਖ ਹੇਠ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਵੱਖ-ਵੱਖ ਨਵੀਆਂ ਪੁਰਾਣੀਆਂ ਅਜਿਹੀਆਂ ਲਿਖਤਾਂ ਛਾਪੀਆਂ ਜਾਣਗੀਆਂ ਜੋ ਇਸ ਘੱਲੂਘਾਰੇ ਬਾਰੇ ਸਿੱਖ ਨੌਜਵਾਨਾਂ ਨੂੰ ਆਪਣਾ ਨਜ਼ਰੀਆਂ ਵਿਕਸਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਆਸ ਕਰਦੇ ਹਾਂ ਕਿ ਇਹ ਲੜੀ ਪਾਠਕਾਂ ਦੀਆਂ ਉਮੀਦਾਂ ਅਤੇ ਅਜੋਕੇ ਦੌਰ ਦੀ ਮੰਗ ਉੱਤੇ ਪੂਰੀ ਉਤਰ ਸਕੇ।
– ਸੰਪਾਦਕ