ਖਾਸ ਖਬਰਾਂ

ਮਹਿਜ ਹਾਦਸਾ ਨਹੀਂ ਹੈ, ਚੱਢਾ ਮਿਲ ਦਾ ਜ਼ਹਿਰੀਲਾ ਪਾਣੀ ਬਿਆਸ ‘ਚ ਡਿੱਗਣਾ

By ਸਿੱਖ ਸਿਆਸਤ ਬਿਊਰੋ

May 19, 2018

ਗੁਰਦਾਸਪੁਰ/ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫਗਾਨਾ ਵਿਚ ਲੱਗੀ ਚੱਢਾ ਸ਼ੂਗਰ ਮਿੱਲ ਵਲੋਂ ਬਿਆਸ ਦਰਿਆ ਵਿਚ ਸੁੱਟੇ ਗਏ ਜ਼ਹਿਰੀਲੇ ਮਾਦੇ ਨੂੰ ਮਿੱਲ ਦੇ ਪ੍ਰਬੰਧਕ ਭਾਵੇ ਮਹਿਜ ਇੱਕ ਅਚਾਨਕ ਵਾਪਰਿਆਂ ਹਾਦਸਾ ਦਸ ਰਹੇ ਹਨ ਪਰ ਗੂਗਲ ਨਕਸ਼ੇ ਮੁਤਾਬਕ ਇਸ ਮਿੱਲ ਵਲੋਂ ਚਿਰਾਂ ਤੋਂ ਹੀ ਕਾਲਾ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾਂਦਾ ਰਿਹਾ ਹੈ। ਇਲਾਕੇ ਦੇ ਲੋਕ ਵੀ ਇਸ ਗੱਲ ਦੀ ਤਸਦੀਕ ਕਰਦੇ ਹਨ। ਕਿਸਾਨ ਜਥੇਬੰਦੀਆਂ ਅਤੇ ਮੱਛੀ ਦੇ ਠੇਕੇਦਾਰ ਨੇ ਲਗਾਤਾਰ ਵਕਤ ਦਰ ਵਕਤ ਮਿੱਲ ਵਲੋਂ ਛੱਡੇ ਜਾਂਦੇ ਕਾਲੇ ਪਾਣੀ ਦੀ ਸ਼ਿਕਾਇਤ ਪ੍ਰਸ਼ਾਸ਼ਨ ਕੋਲ ਕਰਦੇ ਰਹੇ ਹਨ। ਚੱਢਾ ਸ਼ੂਗਰ ਮਿੱਲ ਦੇ ਨਾਲ ਦੋ ਹੋਰ ਅਜਿਹੀਆਂ ਫੈਕਟਰੀਆਂ ਲੱਗੀਆਂ ਹੋਈਆ ਨੇ ਜਿਨ੍ਹਾਂ ਦੀ ਮਾਲਕੀ ਵੀ ਲਗਭਗ ਚੱਢਾ ਸ਼ੂਗਰ ਮਿੱਲ ਵਾਲੀ ਹੀ ਹੈ ਤੇ ਕਾਰੋਬਾਰ ਇਕੋ ਜਿਹਾ ਯਾਨੀ ਕਿ ਗੰਨੇ ਦੀ ਪਿੜਾਈ ਤੇ ਸੀਰੇ ਤੋਂ ਸ਼ਰਾਬ ਬਣਾਉਣ ਵਾਲਾ ਹੀ ਹੈ।

ਗੂਗਲ ਮੈਪਸ ਤੇ ਜਿਹੜਾ ਇਸ ਇਲਾਕੇ ਦਾ ਨਕਸ਼ਾ ਦਿਖਾਈ ਦਿੰਦਾ ਹੈ ਉਸ ਮੁਤਾਬਕ ਚੱਢਾ ਸ਼ੂਗਰ ਮਿੱਲ ਦੇ ਨਾਲ ਹੀ ਛਿਪਦੇ ਪਾਸੇ ‘ਏ.ਬੀ. ਗਰੇਨ ਸਪਿਰਿਟ’ ਅਤੇ ‘ਆਈਡੀ ਬਰੋਸਵੌਨ ਬਰੇਵਰੀਜ਼’ ਫੈਕਟਰੀਆਂ ਲੱਗੀਆਂ ਹੋਈਆ ਨੇ। ਸ਼ੂਗਰ ਮਿੱਲ ਦੇ ਅਹਾਤੇ ਵਿਚ ਚੜ੍ਹਦੇ ਪਾਸੇ ਇਕ ਕਾਲੇ ਪਾਣੀ ਦਾ ਛੱਪੜ ਦਿਖਾਈ ਦਿੰਦਾ ਹੈ ਅਤੇ ਉੱਤਰ ਵਾਲੇ ਪਾਸੇ ਦਰੱਖਤਾਂ ਦੇ ਨਾਲ ਇਕ ਪੱਕੇ ਟੈਂਕ ਵਰਗੀ ਵੱਡੀ ਹੌਦੀ ਹੈ ਜੀਹਦੇ ‘ਚ ਕਾਲਾ ਮਾਦਾ ਦਿਖਾਈ ਦਿੰਦਾ ਹੈ। ਫੈਕਟਰੀ ਦੇ ਛਿਪਦੇ ਪਾਸੇ ਇਕ ਨਾਲਾ ਵਹਿੰਦਾ ਹੈ ਜੋ ਕਿ ਅਗਾਂਹ ਜਾ ਕੇ ਬਿਆਸ ਦਰਿਆ ਵਿਚ ਡਿੱਗਦਾ ਹੈ। ਸ਼ੂਗਰ ਮਿੱਲ ਦੇ ਛੱਪੜ ਵਿਚੋਂ ਹੀ ਕਾਲਾ ਪਾਣੀ ਵਹਿ ਕੇ ਇਸ ਨਾਲੇ ਵਿਚ ਜਾਂਦਾ ਦਿਸਦਾ ਹੈ। ਨਾਲੇ ਦਾ ਪਾਣੀ ਵੀ ਇਥੋਂ ਕਾਲਾ ਹੋ ਜਾਂਦਾ ਹੈ ਅਤੇ ਅਗਾਂਹ ਇਹ ਕਾਲਾ ਪਾਣੀ ਬਿਆਸ ਵਿਚ ਡਿਗਦਾ ਦਿਖਾਈ ਦਿੰਦਾ ਹੈ। ਗੂਗਲ ਨਕਸ਼ੇ ਤੋਂ ਆਲੇ ਦੁਆਲੇ ਦੇ ਸਾਰੇ ਖੇਤ ਹਰੇ ਭਰੇ ਦਿਖਾਈ ਦਿੰਦੇ ਹਨ ਜੋ ਕਿ ਘੱਟੋ ਘੱਟ ਪਿਛਲੀ ਮਾਰਚ ਦੇ ਤੇ ਜਾਂ ਇਹ ਤੋਂ ਪਹਿਲਾ ਦੇ ਹੋ ਸਕਦੇ ਹਨ। ਕਿਉਂਕਿ ਕਣਕਾਂ ਪੱਕਣ ਜਾਂ ਵਢਾਈ ਵੇਲੇ ਖੇਤ ਹਰੇ ਭਰੇ ਦਿਖਾਈ ਨਹੀਂ ਦਿੰਦੇ। ਇਹ ਸਾਰਾ ਕੁਝ ਸਾਫ਼ ਕਰਦਾ ਹੈ ਕਿ ਪ੍ਰਬੰਧਕਾਂ ਦਾ ਇਹ ਦਾਅਵਾ ਝੂਠਾ ਹੈ ਕਿ ਗੰਦੇ ਪਾਣੀ ਦਾ ਬਿਆਸ ਵਿਚ ਡਿਗਣਾ ਮਹਿਜ ਇਕ ਹਾਦਸਾ ਹੈ। ਇਨ੍ਹਾਂ ਤਿੰਨੇ ਫੈਕਟਰੀਆਂ ਵਿਚ ਜਸਪ੍ਰੀਤ ਕੌਰ ਚੱਢਾ ਅਤੇ ਹਰਿੰਦਰਪਾਲ ਸਿੰਘ ਭਾਟੀਆ ਦਾ ਨਾਮ ਡਾਇਰੈਕਟਰਾਂ ਵਿਚ ਸ਼ਾਮਲ ਹੈ। ਗੁਰਬੀਰ ਸਿੰਘ ਬਿੰਦਰਾ ਦੋ ਫੈਕਟਰੀਆਂ ਦਾ ਡਾਇਰੈਕਟਰ ਹੈ। ਇਕ ਵਿਚ ਪ੍ਰਭਜੀਤ ਸਿੰਘ ਸਰਨਾ ਅਤੇ ਦੂਜੀ ਵਿਚ ਰਜਨੀਸ਼ ਤੁਲਸੀ ਅਤੇ ਅਨਜਨਾ ਕਪੂਰ ਦੇ ਨਾਮ ਸ਼ਾਮਲ ਹਨ। ਤਿੰਨੇ ਕੰਪਨੀਆਂ 2005 ਤੋਂ ਲੈ ਕੇ 2010 ਤੱਕ ਰਜਿਸਟਰ ਹੋਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: