ਪਟਿਆਲਾ: (21 ਜੂਨ, 2015): ਸਿੱਖ ਇਤਹਾਸਕਾਰ ਅਤੇ ਚਿੰਤਕ ਸ: ਅਜਮੇਰ ਸਿੰਘ ਵਲੋਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਤਾਬ” ਬਾਰੇ ਸ੍ਰ: ਅਜਮੇਰ ਸਿੰਘ ਦਾ ਵਿਸ਼ੇਸ਼ ਵਖਿਆਨ ਮਿਤੀ 29 ਜੂਨ, 2015 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਸਵੇਰੇ 10 ਵਜੇ ਹੋ ਰਿਹਾ ਹੈ।
ਸ: ਅਜਮੇਰ ਸਿੰਘ ਅਨੁਸਾਰ ਇਸ ਪੁਸਤਕ ਲੜੀ ਦੀਆਂ ਪਹਿਲੀਆਂ ਕਿਤਾਬਾਂ ਵਿਚ ਜਿਥੇ ਸਿੱਖਾਂ ਵਿਰੁਧ ਸਥੂਲ ਪੱਧਰ ਉੱਤੇ ਹੋਰ ਹਮਲਿਆਂ ਅਤੇ ਜਿਸਮਾਨੀ ਜ਼ਬਰ ਦੀ ਵਿਆਖਿਆ ਪੇਸ਼ ਕੀਤੀ ਗਈ ਹੈ, ਓਥੇ ਇਸ ਪੁਸਤਕ ਦੀ ਪਹਿਲੀਆਂ ਕਿਤਾਬਾਂ ਨਾਲੋਂ ਵੱਖਰਤਾ ਤੇ ਵਿਲੱਖਣਤਾ ਇਹ ਹੈ ਕਿ ਇਹ ਕਿਤਾਬ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਉੱਤੇ ਹੋਏ ਸੂਖਮ ਤੇ ਬੌਧਿਕ ਹਮਲੇ ਦੀ ਨਿਸ਼ਾਨਦੇਹੀ ਕਰਦਿਆਂ ਇਸ ਵਰਤਾਰੇ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫ਼ੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ ਅਤੇ ਹਥਲੀ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖ਼ਤਰਨਾਕ ਖ਼ਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਉਪਰਾਲਾ ਹੈ।
ਉਨ੍ਹਾਂ ਅਨੁਸਾਰ ਆਧੁਨਿਕ ਗਿਆਨ ਪ੍ਰਬੰਧ ਅੰਦਰ ਨੈਸ਼ਨਲਿਜ਼ਮ ਤੇ ਨੇਸ਼ਨ ਸਟੇਟ ਨੇ ਸ੍ਰੇਸ਼ਟ ਪਦ ਧਾਰਨ ਕਰ ਲਿਆ ਹੈ ਤੇ ਇਹ ਪੂਜਨੀਕ ਬਣ ਗਏ ਹਨ। ਇਸੇ ਦੀ ਆੜ ਹੇਠ ਦੁਨੀਆਂ ਵਿਚ ਭੈੜੇ ਤੋਂ ਭੈੜਾ ਅਨਾਚਾਰ ਕੀਤਾ ਜਾਂਦਾ ਹੈ ਤੇ ਇਸੇ ਦੇ ਮਾਪਦੰਡਾਂ ਅਨੁਸਾਰ ਇਨ੍ਹਾਂ ਅਨਾਚਾਰਾਂ ਨੂੰ ਉਚਿਤ ਠਹਿਰਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਵੀ ਅਜਿਹੀ ਹੀ ਕਾਰਵਾਈ ਸੀ, ਜਿਸ ਵਿਚ ਸਿੱਖਾਂ ਦੇ ਜਿਸਮਾਨੀ ਕਤਲਾਂ ਦੇ ਨਾਲ ਉਨ੍ਹਾਂ ਦਾ ਗਿਆਨਾਤਮਿਕ ਕਤਲ ਵੀ ਕੀਤਾ ਗਿਆ।
ਇਸ ਸਮੇਂ ਦੇ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਦੀ ਨਿਸ਼ਾਨਦੇਹੀ ਕਰਦਿਆਂ ਲੇਖਕ ਠੋਸ ਹਵਾਲਿਆਂ ਨਾਲ ਪ੍ਰਮਾਣਿਤ ਕਰਦਾ ਹੈ ਕਿ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਤੋਰਨ ਲਈ ਨੇਸ਼ਨ ਸਟੇਟ ਵੱਲੋਂ ਕਿੰਨੇ ਵਿਆਪਕ, ਵਿਤਬੱਧ ਤੇ ਜਥੇਬੰਦਕ ਯਤਨ ਕੀਤੇ ਗਏ। ਇਸ ਸਮੇਂ ਦੇਸ਼ ਦੀਆਂ ਖੱਬੇਪੱਖੀ ਤਾਕਤਾਂ ਦੇ ਰੋਲ ਦਾ ਵੀ ਸੰਤੁਲਿਤ ਮੁਲਾਂਕਣ ਕਰ ਕੇ ਲੇਖਕ ਨੇ ਹੈਰਤਅੰਗੇਜ਼ ਸਿੱਟੇ ਕੱਢਦਿਆਂ ਉਨ੍ਹਾਂ ਦੇ ‘ਲੋਕਪੱਖੀ’ ਸਟੈਂਡ ਨੂੰ ਨੰਗਿਆਂ ਕੀਤਾ ਹੈ ਤੇ ਉਨ੍ਹਾਂ ਨੂੰ ਵੀ ਕਟਹਿਰੇ ਵਿਚ ਲਿਆ ਖੜਾ ਕੀਤਾ ਹੈ।