ਜੰਮੂ: ਕੱਲ੍ਹ (21 ਅਕਤੂਬਰ, 2017) ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਵਿਚ ਭਾਰਤ ਵਿਰੋਧੀ ਭਾਵਨਾ ਵਧਣ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ।
ਇਕ ਦਿਨਾ ਦੌਰੇ ‘ਤੇ ਜੰਮੂ ਆਏ ਰਾਵਤ ਨੇ ਕਸ਼ਮੀਰ ‘ਚ ਗੁੱਤਾਂ ਕੱਟਣ ਦੀਆਂ ਘਟਨਾਵਾਂ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਨੂੰ ਆਮ ਮਾਮਲਾ ਦੱਸਿਆ ਜਦਕਿ ਜੰਮੂ ਕਸ਼ਮੀਰ ਦੀਆਂ ਅਜ਼ਾਦੀ ਪਸੰਦ ਜਥੇਬੰਦੀਆਂ ਅਤੇ ਹੁਰੀਅਤ ਕਾਨਫਰੰਸ ਦੇ ਆਗੂ ਗੁੱਤਾਂ ਕੱਟਣ ਦੀਆਂ ਘਟਨਾਵਾਂ ਨੂੰ ਭਾਰਤੀ ਖੁਫੀਆ ਏਜੰਸੀਆਂ ਦੀ ਕਰਤੂਤ ਦੱਸ ਰਹੀਆਂ ਹਨ। ਜਦੋਂ ਜਨਰਲ ਰਾਵਤ ਤੋਂ ਕਸ਼ਮੀਰ ਵਾਦੀ ਵਿਚ ਮੌਜੂਦਾ ਹਾਲਾਤਾਂ ਬਾਰੇ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਅਸੀਂ ਇਸ ਨਾਲ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਾਂ। ਗੁੱਤਾਂ ਕੱਟਣ ਦੀਆਂ ਘਟਨਾਵਾਂ ਜਿਸ ਕਾਰਨ ਕਸ਼ਮੀਰ ‘ਚ ਹਿੰਸਕ ਪ੍ਰਦਰਸ਼ਨ ਹੋਏ ਹਨ, ਬਾਰੇ ਭਾਰਤੀ ਫੌਜ ਮੁਖੀ ਨੇ ਕਿਹਾ ਕਿ ਗੁੱਤਾਂ ਕੱਟਣ ਦੀਆਂ ਘਟਨਾਵਾਂ ਇਕੱਲੇ ਕਸ਼ਮੀਰ ‘ਚ ਹੀ ਨਹੀਂ ਬਲਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਵਾਪਰ ਰਹੀਆਂ ਹਨ।