ਗ੍ਰਿਫਤਾਰ ਕੀਤੇ ਗਏ ਨੌਜਵਾਨ

ਖਾਸ ਖਬਰਾਂ

ਸੋਸ਼ਲ ਮੀਡੀਆ ‘ਤੇ ਸਿੱਖ ਅਜ਼ਾਦੀ ਦੀ ਗੱਲ ਕਰਨ ਵਾਲੇ 4 ਨੌਜਵਾਨ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

April 04, 2018

ਨਵਾਂਸ਼ਹਿਰ: ਪੰਜਾਬ ਪੁਲਿਸ ਨੇ ਬੰਗਾ ਤੋਂ ਚਾਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨੌਜਵਾਨ ਪਾਕਿਸਤਾਨ ਦੀ ਖੂਫੀਆ ਅਜੈਂਸੀ ਆਈ.ਐਸ.ਆਈ ਨਾਲ ਮਿਲ ਕੇ ਗੜਬੜ ਫੈਲਾਉਣ ਦੀ ਸਾਜਿਸ਼ ਕਰ ਰਹੇ ਸਨ। ਇਹ ਗ੍ਰਿਫਤਾਰੀਆਂ ਉਸ ਕੜੀ ਦਾ ਹੀ ਹਿੱਸਾ ਲੱਗ ਰਹੀਆਂ ਹਨ ਜਿਸ ਵਿਚ ਪੁਲਿਸ ਨੇ ਪਹਿਲਾਂ ਵੀ ਕਈ ਸਿੱਖ ਨੌਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਸਿੱਖ ਅਜ਼ਾਦੀ ਦੇ ਪੱਖ ਵਿਚ ਲਿਖਣ ਕਾਰਨ ਗ੍ਰਿਫਤਾਰ ਕੀਤਾ ਹੈ।

ਇਸ ਕੇਸ ਵਿਚ ਵੀ ਪਿਛਲੇ ਕੇਸਾਂ ਵਾਂਗ ਹੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਪਰੋਕਤ ਨੌਜਵਾਨ ਪੰਜਾਬ ਵਿਚ ਫਿਰਕੂ ਹਿੰਸਾ ਭੜਕਾਉਣ ਦੀ ਸਾਜਿਸ਼ ਰਚ ਰਹੇ ਸਨ।

ਪੰਜਾਬ ਦੀ ਜਲੰਧਰ ਅਤੇ ਨਵਾਂਸ਼ਹਿਰ ਪੁਲਿਸ ਵਲੋਂ ਸਾਂਝੇ ਤੌਰ ‘ਤੇ ਇਹਨਾਂ ਨੌਜਵਾਨਾਂ ਨੂੰ ਗੁਨਾਚੌਰ ਪਿੰਡ ਵਿਚ ਲਾਏ ਨਾਕੇ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਮਨਵੀਰ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਰਣਧੀਰ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਖਾਨ ਖਾਨਾ ਪਿੰਡ ਨਾਲ ਸਬੰਧਿਤ ਹਨ। ਪੁਲਿਸ ਨੇ ਨੌਜਵਾਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਤੇ ਉਨ੍ਹਾਂ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਪੁਲਿਸ ਦਾ ਸਾਈਬਰ ਸੈਲ ‘ਰੈਫਰੈਂਡਮ 2020’ ਨਾਮੀਂ ਫੇਸਬੁੱਕ ਪੇਜ ‘ਤੇ ਨਜ਼ਰ ਰੱਖ ਰਿਹਾ ਸੀ ਅਤੇ ਗ੍ਰਿਫਤਾਰ ਕੀਤੇ ਨੌਜਵਾਨ ਸੋਸ਼ਲ ਮੀਡੀਆ ‘ਤੇ ਐਕਟਿਵ ਸਨ।

ਅੰਗਰੇਜ਼ੀ ਵਿਚ ਪੜ੍ਹੋ: Active through Social Media/Facebook, Four More Youths from Nawanshahr Arrested by Punjab Police

ਪੁਲਿਸ ਨੇ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਇਕ ਗਿਰੋਹ ਦਸਦਿਆਂ ਦਾਅਵਾ ਕੀਤਾ ਹੈ ਕਿ ਇਹਨਾਂ ਨੇ ‘ਫਤਹਿ ਸਿੰਘ’ ਨਾਮੀ ਇਕ ਫੇਸਬੁੱਕ ਆਈ.ਡੀ ਬਣਾਈ ਹੋਈ ਸੀ ਤੇ ਮਲੇਸ਼ੀਆ ਸਥਿਤ ਦੀਪ ਕੌਰ ਵਲੋਂ ਇਹਨਾਂ ਦੀ ਮਦਦ ਨਾਲ ਸੋਸ਼ਲ ਮੀਡੀਆ ਕੈਂਪੇਨ ਚਲਾਈ ਜਾ ਰਹੀ ਸੀ।

ਏਆਈਜੀ ਇੰਟੈਲੀਜੈਂਸ ਜਲੰਧਰ ਐਚਪੀਐਸ ਖੱਖ ਨੇ ਦਾਅਵਾ ਕੀਤਾ, “ਦੀਪ ਕੌਰ ਨੇ ਵਟਸਐਪ ਗਰੁੱਪ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਗੈਰਕਾਨੂੰਨੀ ਕਾਰਵਾਈਆਂ ਕਰਨ ਲਈ ਭੜਕਾਇਆ ਸੀ। ਉਸਨੇ ਇਹਨਾਂ ਨੂੰ ਆਪਣੇ ਆਗੂ ਨਾਲ ਮਿਲਾਇਆ। ਫਤਹਿ ਸਿੰਘ ਨੇ ਇਹਨਾਂ ਨੌਜਵਾਨਾਂ ਨੂੰ ਸ਼ਰਾਬ ਦੇ ਠੇਕੇ ਅਤੇ ਬੱਸਾਂ ਨੂੰ ਅੱਗ ਲਾਉਣ ਲਈ ਅਤੇ ‘ਰੈਫਰੈਂਡਮ 2020’ ਦੇ ਪੋਸਟਰ ਲਾਉਣ ਲਈ ਕਿਹਾ ਸੀ।”

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਬੰਗਾ ਦੇ ਕਈ ਇਲਾਕਿਆਂ ਵਿਚ ਕੰਧਾਂ ‘ਤੇ ਪੋਸਟਰ ਵੀ ਲਾਏ। ਪੁਲਿਸ ਵਲੋਂ ਬੰਗਾ ਦੇ ਸਦਰ ਥਾਣੇ ਵਿਚ ਭਾਰਤੀ ਪੈਨਲ ਕੋਡ ਦੀ ਧਾਰਾ 436, 511 ਅਤੇ 120-ਬੀ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: