ਨਵੀਂ ਦਿੱਲੀ: ਅਨੰਦ ਮੈਰਿਜ ਐਕਟ ਲਾਗੂ ਕਰਨ ਲਈ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਧੰਨਵਾਦ ਕਰਨ ‘ਤੇ ਦਿੱਲੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਅਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਕੀਤਾ ਹੈ ਅਤੇ ਆਪਣੇ ਫੇਸਬੁੱਕ ਪੇਜ਼ ’ਤੇ ਪਾਏ ਲਾਈਵ ਵੀਡੀਓ ਰਾਹੀਂ ਸਰਨਾ ਨੂੰ ਚੁਨੌਤੀ ਦਿੱਤੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਦਿੱਲੀ ਕਮੇਟੀ ਨੇ ਹੀ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਅਨੰਦ ਮੈਰਿਜ ਐਕਟ ਦੀ ਫਾਈਲ ’ਤੇ ਰਾਜਪਾਲ ਨੇ ਦਸਤਖ਼ਤ ਕਰ ਦਿੱਤੇ ਹਨ। ਦੂਜੇ ਪਾਸੇ ਸਾਬਕਾ ਪ੍ਰਧਾਨ ਸਰਨਾ ਨੇ ਕੇਜਰੀਵਾਲ ਦਾ ਧੰਨਵਾਦ ਕਰਕੇ ਕਿਹਾ ਕਿ ਭਾਜਪਾ ਦਾ ਵਿਧਾਇਕ ਅਤੇ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਸਿਰਸਾ ਦਿੱਲੀ ਸਰਕਾਰ ਦੀ ਪ੍ਰਾਪਤੀ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਦਿੱਲੀ ਵਿਧਾਨ ਸਭਾ ਕੋਲ ਵਿਆਹ/ ਸ਼ਾਦੀਆਂ ਨੂੰ ਰਜਿਸਟਰ ਕਰਨ ਦੀ ਕੋਈ ਤਾਕਤ ਨਹੀਂ ਹੈ। ਇਹ ਤਾਕਤ ਕੇਂਦਰ ਸਰਕਾਰ ਵੱਲੋਂ ਉਪਰਾਜਪਾਲ ਨੂੰ ਦਿੱਤੀ ਗਈ ਹੈ। ਜਿਸ ਕਰਕੇ ਵਿਧਾਨ ਸਭਾ ਵਿਚ ਬਿੱਲ ਪਾਸ ਹੋਣ ਦਾ ਮਤਲਬ ਹੀ ਨਹੀਂ ਬਣਦਾ। ਇਸ ਲਈ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਨਾ ਬੇਮਾਇਨੇ ਹੈ। ਦਿੱਲੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਨਾ ਦੀ ਥਾਂ ਕੋਈ ਹੋਰ ਸੂਝਵਾਨ ਸਲਾਹਕਾਰ ਰੱਖਣ ਦੀ ਬੇਨਤੀ ਕੀਤੀ।