ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਆਪਣੇ ਸਾਰੇ ਅਪਰਾਧਕ ਮੁਕਦੱਮੇ ਜੋ ਉਸ ‘ਤੇ ਅਦਾਲਤਾਂ ਵਿੱਚ ਚੱਲ ਰਹੇ ਹਨ ਤੇ ਉਹ ਸਾਰੀਆਂ ਸ਼ਿਕਾਇਤਾਂ ਜਿਸ ਵਿੱਚ ਉਸ ਨੂੰ ਨਾਮਜ਼ਦ ਕੀਤਾ ਗਿਆ, ਦਾ ਰਿਕਾਰਡ ਜਨਤਕ ਕਰੇ ਕਿਉਂਕਿ ਉਸ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ‘ਤੇ ਧੋਖਾਧੜੀ ਨਾਲ ਕਿਸੇ ਦੀ ਜਾਇਦਾਦ ਹੜੱਪਣ ਦੇ ਦੋਸ਼ ਸਿੱਧ ਹੋਣ ‘ਤੇ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਜੇਲ ਭੇਜ ਦਿੱਤਾ ਹੈ।
ਸ. ਸਰਨਾ ਨੇ ਕਿਹਾ ਕਿ ਸਿਰਸਾ ਦੇ ਬੜੇ ਨਾਟਕੀ ਤਰੀਕੇ ਨਾਲ ਅਮੀਰ ਬਣਨ ਦੇ ਪਿੱਛੇ ਸ਼ਕੀ ਜ਼ਮੀਨਾਂ ਤੇ ਜਾਇਦਾਦਾਂ ਦੇ ਸੌਦੇ ਮੰਨੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਸਾ ਦੇ ਪਿਤਾ ਦਾ ਅਪਰਾਧਿਕ ਕੇਸ ਆਪਣੇ ਆਪ ਵਿੱਚ ਇਸ ਪਰਿਵਾਰ ਉੱਪਰ ਇਕੱਲਾ ਅਪਰਾਧਿਕ ਮੁਕਦੱਮਾ ਨਹੀਂ ਹੈ। ਇਸਤੋਂ ਇਲਾਵਾ ਜ਼ਬਰਦਸਤੀ ਘਰ ਵਿੱਚ ਦਾਖਲ ਹੋਣਾ, ਧੋਖਾਧੜੀ, ਧਮਕੀਆਂ, ਮਾਰਕੁੱਟ ਵਰਗੇ ਸੰਗੀਨ ਮੁਕਦੱਮੇ ਸਿਰਸਾ ਖਿਲਾਫ ਅਦਾਲਤਾਂ ਵਿੱਚ ਚੱਲ ਰਹੇ ਹਨ। ਸਿਰਸਾ ਨੇ ਕਈ ਸ਼ਿਕਾਇਤਾਂ ਤਾਂ ਆਪਣੇ ਰਾਜਨੀਤਿਕ ਰਸੁੱਖ ਅਤੇ ਗੁੰਡਾਗਰਦੀ ਨਾਲ ਖਤਮ ਕਰਵਾ ਲਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਮਨਜੀਤ ਸਿੰਘ ਜੀ.ਕੇ. ਜੋ ਹਰੇਕ ਜ਼ਰੂਰੀ-ਗੈਰ-ਜ਼ਰੂਰੀ ਮੁੱਦਿਆਂ ‘ਤੇ ਬਿਆਨਬਾਜ਼ੀ ਕਰਦੇ ਫਿਰਦੇ ਹਨ, ਸਿਰਸਾ ਦੇ ਪਿਤਾ ਨੂੰ ਧੋਖਾਧੜੀ ਵਿੱਚ ਜੇਲ ਭੇਜੇ ਜਾਣ ਦੇ ਮੁੱਦੇ ‘ਤੇ ਪੂਰੀ ਤਰ੍ਹਾˆ ਦੜ ਵੱਟੀ ਬੈਠੇ ਹਨ।
ਸ. ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਸੁਖਬੀਰ ਬਾਦਲ ਦੀ ਚੁੱਪੀ ਸਿਰਸਾ ਦੇ ਪਿਤਾ ਦੇ ਧੋਖਾਧੜੀ ਦੇ ਕਾਰਨਾਮੇ ਦਾ ਪੱਖ ਲੈਣਾ ਸਮਝਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਜੀ.ਕੇ. ਨਿੱਕੀ- ਨਿੱਕੀ ਗੱਲ ‘ਤੇ ਪਰਦਰਸ਼ਨ ਕਰਦਾ ਫਿਰਦਾ ਹੈ। ਅੱਜ ਜਦੋਂ ਸਿਰਸਾ ਦੇ ਪਿਤਾ ‘ਤੇ ਧੋਖਾਧੜੀ ਸਾਬਤ ਹੋਣ ਤੋਂ ਬਾਅਦ ਜੇਲ੍ਹ ਹੋ ਗਈ ਹੈ ਤਾਂ ਜੀ.ਕੇ. ਸਿਰਸਾ ਤੋਂ ਡਰਦਾ ਉਸਦੇ ਖਿਲਾਫ ਪਰਦਰਸ਼ਨ ਕਰਨ ਤੋਂ ਬਚਦਾ ਫਿਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਦੀ ਚੁੱਪੀ ਦੇ ਧਾਰਮਿਕ ਤੇ ਸਿਆਸੀ ਨਤੀਜੇ ਬਾਦਲ ਦਲ ਨੂੰ ਭੁਗਤਣੇ ਪੈਣਗੇ।
ਸ. ਸਰਨਾ ਨੇ ਕਿਹਾ ਕਿ ਸਿਰਸਾ ਆਪਣੀ ਗਲਤ ਤਰੀਕੇ ਨਾਲ ਇਕੱਠੀ ਕੀਤੀ ਦੌਲਤ ਅਤੇ ਸਿਆਸੀ ਮੌਕਾਪ੍ਰਸਤੀ ਲਈ ਜਾਣਿਆ ਜਾਂਦਾ ਹੈ ਨਾ ਕਿ ਧਾਰਮਿਕ ਕਿਰਦਾਰ ਵਾਲੇ ਵਿਅਕਤੀ ਵਜੋਂ। ਉਸ ਦੇ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਜੋਂ ਬਾਦਲ ਪਰਿਵਾਰ ਦੇ ਅਸ਼ੀਰਵਾਦ ਨਾਲ ਕਟੇ ਲੰਬੇ ਕਾਰਜਕਾਲ ਨੇ ਸੰਗਤਾਂ ਦੇ ਵਿਸ਼ਵਾਸ਼ ਨੂੰ ਡੂੰਘੀ ਠੇਸ ਪਹੁੰਚਾਈ ਹੈ ਤੇ ਪੰਧਕ ਰਵਾਇਤਾਂ ਦਾ ਘੋਰ ਘਾਣ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਤੇ ਇਸ ਨੂੰ ਚਲਾਉਣ ਵਾਲਿਆਂ ਦਾ ਸੰਬੰਧ ਅਪਰਾਧ ਜਾ ਅਪਰਾਧੀਆਂ ਨਾਲ ਨਹੀਂ ਹੋਣਾ ਚਾਹੀਦਾ।
ਸ. ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਬਾਦਲ ਪਰਿਵਾਰ ਨੂੰ ਜੀ.ਕੇ. ਅਤੇ ਸਿਰਸਾ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਦਿੱਲੀ ਦੀਆਂ ਸੰਗਤਾਂ ਨੂੰ ਦੱਸਣ ਕੀ ਕਮੇਟੀ ਦੀ ਕਿਸ ਜਾਇਦਾਦ ਨੂੰ ਗਿਰਵੀ ਰੱਖ ਕੇ ਇਨ੍ਹਾਂ ਨੇ 40 ਕਰੋੜ ਦਾ ਲੋਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਾਦਲ ਦਲੀਆਂ ਨੇ ਗੁਰੂਦਵਾਰਾ ਕਮੇਟੀ ਦੇ ਧਾਰਮਿਕ ਤੇ ਵਿਦਿਅਕ ਅਦਾਰੇ ਬੈਂਕ ਪਾਸ ਗਿਰਵੀ ਰੱਖ ਕੇ ਕਮੇਟੀ ਦੇ ਖਾਤਿਆਂ ਦਾ ਦਿਵਾਲਾ ਨਿਕਲ ਜਾਣ ਦਾ ਪ੍ਰਮਾਣ ਸੰਗਤਾਂ ਨੂੰ ਦੇ ਦਿੱਤਾ ਹੈ।
ਸਰਨਾ ਨੇ ਕਿਹਾ ਕਿ ਸੰਗਤਾਂ ਬਾਦਲ ਦਲ ਨੂੰ ਇਨ੍ਹਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਸਿੱਖ ਰਹਿਤ ਮਰਿਆਦਾ, ਪਰਮਪਰਾਵਾਂ, ਖਾਲਸਾਈ ਰਵਾਇਤਾਂ ਦਾ ਘਾਣ ਕਰਨ, ਗੁਰੂ ਦੀ ਗੋਲਕ ਦੀ ਲੁੱਟ ਅਤੇ ਗੁਰੂ ਘਰ ਦੀਆਂ ਜਾਇਦਾਦਾਂ ਗਿਰਵੀ ਰੱਖ ਕੇ ਲੋਨ ਲੈਣ ਲਈ ਕਦੇ ਮੁਆਫ ਨਹੀਂ ਕਰਨਗੀਆਂ ਤੇ ਆਉਣ ਵਾਲੀਆਂ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਬਾਦਲ ਦਲੀਆਂ ਨੂੰ ਮੂੰਹ ਤੋੜ ਜਵਾਬ ਦੇਣਗੀਆਂ।