Site icon Sikh Siyasat News

ਦਰਬਾਰ ਸਾਹਿਬ ਵਿੱਚ ਦੇਵੀ ਦੇਵਤਿਆਂ ਦੇ ਚਿੱਤਰ ਬਣਾਉਣ ਦੀ ਕਾਰਵਾਈ ਤੁਰੰਤ ਰੋਕੀ ਜਾਵੇ : ਸਿੰਘ ਸਭਾ ਪੰਜਾਬ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੀਨਾਕਾਰੀ ਤੇ ਚਿੱਤਰਕਾਰੀ ਦੀ ਆੜ ’ਚ ਦੇਵੀ ਦੇਵਤਿਆਂ ਅਤੇ ਇਨਸਾਨਾਂ ਦੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸਿੱਖ ਕੌਮ ਨੂੰ ਜਵਾਬ ਦੇਣਾ ਚਾਹੀਦਾ ਹੈ।

Read This News in English

Singh Sabha Punjab lashes out at SGPC over paintings of gods & goddesses in Darbar Sahib …

ਹਰਦੀਪ ਸਿੰਘ (ਫਾਇਲ ਫੋਟੋ)

ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਦੇ ਕਾਰੇ ਸਿੱਖੀ ਵਿਰੋਧੀ ਅਤੇ ਪੰਥ ਮਾਰੂ ਹਨ। ਸਾਂਭ-ਸੰਭਾਲ ਦੇ ਨਾਂ ’ਤੇ ਵੇਲ ਬੂਟਿਆਂ ਵਾਲੀ ਚਿੱਤਰਕਾਰੀ ਨਾਲ ਛੇੜਛਾੜ ਕਰ ਕੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਸਿੱਖ ਵਿਰੋਧੀ ਤਾਕਤਾਂ ਸ਼੍ਰੋਮਣੀ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਇਤਿਹਾਸਕ ਦਰਵਾਜ਼ੇ ਮੁਰੰਮਤ ਬਹਾਨੇ ਉਤਾਰੇ ਗਏ ਤੇ ਅੱਜ ਤੱਕ ਨਹੀਂ ਲਾਏ ਗਏ।

ਸਿੰਘ ਸਭਾ ਪੰਜਾਬ ਨੇ ਮਤਾ ਪਾਸ ਕਰ ਕੇ ਦਰਬਾਰ ਸਾਹਿਬ ਵਿੱਚ ਦੇਵੀ ਦੇਵਤਿਆਂ ਦੇ ਚਿੱਤਰ ਬਣਾਉਣ ਦੀ ਕਾਰਵਾਈ ਤੁਰੰਤ ਰੋਕਣ ਅਤੇ ਬਣਾਏ ਗਏ ਚਿੱਤਰ ਪੂਰਨ ਤੌਰ ’ਤੇ ਖ਼ਤਮ ਕਰਨ ਦੀ ਮੰਗ ਕੀਤੀ ਹੈ।

ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਦੇ ਨਾਂ ’ਤੇ ਸਮਾਧਾਂ ਤੇ ਸਿੱਖ ਸਿਧਾਂਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਉਭਾਰਿਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦਾ ਨਾਂ ਗੋਲਡਨ ਟੈਂਪਲ ਅਤੇ ਸਵਰਨ ਮੰਦਰ ਵਜੋਂ ਉਭਾਰਿਆ ਜਾ ਰਿਹਾ ਹੈ। ਜਦਕਿ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਨਾਮ ਕੇਵਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਰਜ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਨੂੰ ਟੈਂਪਲ ਅਤੇ ਮੰਦਰ ਨਾ ਕਹਿਣ ਦੇ ਮਤੇ ਬਕਾਇਦਾ ਪਾਸ ਕੀਤੇ ਹੋਏ ਹਨ, ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਜਾਣਨ ਲਈ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਪੀਏ ਮਹਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪੁਰਾਣੀ ਮੀਨਾਕਾਰੀ ਦੀ ਮੁਰੰਮਤ ਕੀਤੀ ਜਾ ਰਹੀ ਹੈ, ਜੋ ਬਹੁਤ ਸੰਘਣੀ ਹੈ। ਉਨ੍ਹਾਂ ਕਿਹਾ ਕਿ ਹੁਣ ਕੁਝ ਚਿੱਤਰ ਦੇਖੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version