Site icon Sikh Siyasat News

ਸਿਮਰਨਜੀਤ ਸਿੰਘ ਮਾਨ ਨੇ ਮੋਹਨ ਭਾਗਵਤ, ਰਾਮਦੇਵ, ਗਊ ਰੱਖਿਅਕਾਂ ਨੂੰ ਚੀਨ ਸਰਹੱਦ ‘ਤੇ ਜਾਣ ਦੀ ਕੀਤੀ ਅਪੀਲ

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਚੀਨ ਅਤੇ ਭਾਰਤ ਵਿੱਚ ਪੈਦਾ ਹੋ ਰਹੇ ਟਕਰਾਅ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਆਰਐਸਐਸ ਦੇ ਪ੍ਰਧਾਨ ਮੋਹਨ ਭਾਰਗਵ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਰਾਮਦੇਵ ਅਤੇ ਗਊ ਰਕਸ਼ੱਕਾ ਨੂੰ ਅਪੀਲ ਕੀਤੀ ਕਿ ਹੁਣ ਇਨ੍ਹਾਂ ਦੀ ਭਾਰਤ ਮਾਤਾ ਖਤਰੇ ਵਿੱਚ ਹੈ ਉਹ ਹੁਣ ਸਰਹੱਦ ‘ਤੇ ਜਾ ਕੇ ਭਾਰਤੀ ਫੌਜ ਦੀ ਮਦਦ ਕਰਨ ਅਤੇ ਰੈਡ ਕਰਾਸ ਦੇ ਕੈਂਪ ਲਾਉਣ ਤਾਂ ਜੋ ਉਹ ਫੌਜ ਦੀ ਸੇਵਾ ਕਰ ਸਕਣ, ਕਿਉਂਕਿ ਚੀਨ ਦੇ ਲੋਕ ਬੀਫ (ਗਉ ਦਾ ਮਾਸ) ਖਾਣ ਦੇ ਸ਼ੌਕੀਨ ਹੁੰਦੇ ਹਨ ਜੇਕਰ ਉਹ ਭਾਰਤ ਦੇ ਅੰਦਰ ਆ ਗਏ ਤਾਂ ਉਹ ‘ਗਊ ਮਾਤਾ’ ਦਾ ਬਹੁਤ ਨੁਕਸਾਨ ਕਰਨਗੇ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
(ਫਾਈਲ ਫੋਟੋ)

ਸ. ਮਾਨ ਨੇ ਹਿੰਦੂ ਹੁਕਮਰਾਨਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਗੰਗਾ ਨੂੰ ਮਾਤਾ ਕਿਹਾ ਜਾਂਦਾ ਹੈ। ਜੇ ਉਹ ਮਾਤਾ ਹੈ ਤਾਂ ਦੇਸ਼ ਦੀ ਬਹੁ ਗਿਣਤੀ ਹਿੰਦੂ ਆਪਣੇ ਪੇਟ ਦੀ ਗੰਦਗੀ, ਸ਼ਹਿਰਾਂ ਦੀ ਗੰਦਗੀ, ਇੰਡਸਟਰੀ ਦੀ ਗੰਦਗੀ ਅਤੇ ਮਰੇ ਹੋਏ ਡੰਗਰ ਗੰਗਾ ਦੇ ਵਿੱਚ ਕਿਉਂ ਸਿੱਟਦੇ ਹਨ? ਅਸੀਂ ਸਮਝਦੇ ਹਾਂ ਕਿ ਜੋ ਬੀਫ ਖਾਂਦੇ ਹਨ ਉਹ ਤਾਂ ਹਿੰਦੂ ਨਹੀਂ ਹੈ ਤੇ ਉਹਨਾਂ ਨੂੰ ਗਉ ਰਕਸ਼ੱਕ ਜਾਨੋਂ ਮਾਰ ਦਿੰਦੇ ਹਨ। ਜੇ ਗਉ ਮਾਤਾ ਤਾਂ ਗੰਗਾ ਵੀ ਮਾਤਾ ਹੈ ਫਿਰ ਹਿੰਦੂ ਧਰਮ ਦੇ ਉਪਾਸ਼ਕ ਆਪਣੀ ਮਾਤਾ ਦੀ ਗੋਦ ਵਿੱਚ ਗੰਦਗੀ ਕਿਉਂ ਸਿੱਟਦੇ ਸਨ? ਜਦ ਅੰਗਰੇਜ਼ਾਂ ਦਾ ਰਾਜ ਸੀ 1947 ਤੱਕ ਗੰਗਾ ਦਾ ਪਾਣੀ ਬਨਾਰਸ ਤੋਂ ਇਲਾਹਾਬਾਦ ਤੱਕ ਲੋਕ ਸਿੱਧਾ ਪੀ ਲੈਂਦੇ ਸਨ, ਹੁਣ ਸਵਾਲ ਇਹ ਹੈ ਕਿ ਜੋ ਹੁਣ ਅੰਗਰੇਜ਼ ਚਲੇ ਗਏ ਹਨ, ਹਿੰਦੂ ਦਾ ਰਾਜ ਹੈ ਫਿਰ ਹਿੰਦੂਆਂ ਨੇ ਗੰਗਾ ਦਾ ਪਾਣੀ ਕਿਉਂ ਭ੍ਰਿਸ਼ਟ ਕਰ ਦਿੱਤਾ ਹੈ? ਇਹ ਸਾਡੀ ਪਾਰਟੀ ਨੂੰ ਹਿੰਦੂ ਧਰਮ ਦੇ ਸ਼ੰਕਰ ਅਚਾਰੀਆ, ਆਰ ਐਸ ਐਸ ਦੇ ਪ੍ਰਧਾਨ ਮੋਹਨ ਭਾਗਵਤ, ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਰਾਮਦੇਵ ਸਾਨੂੰ ਸਮਝਾਉਣ ਕਿ ਹਿੰਦੂ ਆਪਣੀ ਗੰਗਾ ਮਾਤਾ ਜਲ ਖੁਦ ਹੀ ਕਿਉਂ ਅਪਵਿੱਤਰ ਕਰੀ ਜਾ ਰਹੇ ਹਨ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version