ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੋ ਹਰਿਆਣਾ ਸੂਬੇ ਦੇ ਵਿਚ ਦਲਿਤ-ਬੀਬੀਆਂ, ਰੰਘਰੇਟੇ ਸਿੱਖਾਂ ‘ਤੇ ਭਿਆਨਕ ਜ਼ੁਲਮ ਹੋ ਰਹੇ ਹਨ, ਭਾਜਪਾ ਸਰਕਾਰ ਨੂੰ ਇਹ ਜ਼ਬਰ-ਜੁਲਮ ਰੋਕਣ ਵਿਚ ਕੋਈ ਦਿਲਚਸਪੀ ਨਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿਚ ਸਿੱਖ ਕੌਮ ਸਭ ਤੋਂ ਘੱਟ ਗਿਣਤੀ ਵਿਚ ਹੈ। ਪਰ ਅਜੇ ਤੱਕ ਹਰਿਆਣਾ ਸਰਕਾਰ ਨੇ ਕਿਸੇ ਵੀ ਸਿੱਖ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦਾ ਜੱਜ ਬਣਾਉਣ ਵਿਚ ਪਹਿਲ ਕਦਮੀ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ 1966 ਦਾ ਜਦੋਂ ਹਰਿਆਣਾ ਸੂਬਾ ਬਣਿਆ ਹੈ, ਕਦੇ ਵੀ ਕਿਸੇ ਵੀ ਸਿੱਖ ਨੂੰ ਹਾਈਕੋਰਟ ਦਾ ਜੱਜ ਬਣਨ ਦੀ ਕੋਈ ਸਿਫਾਰਿਸ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, “ਸਾਡੀ ਪਾਰਟੀ ਨੂੰ ਇਹ ਵੀ ਦੁੱਖ ਹੈ ਕਿ ਚੰਡੀਗੜ੍ਹ ਯੂ.ਟੀ ਵਿਚ ਪੁਲਿਸ ਦੀ ਭਰਤੀ ਵਿਚ ਬਹੁਤ ਕਮੀ ਆ ਗਈ ਹੈ ਅਤੇ ਜਿੰਨ੍ਹੇ ਵੀ ਸਰਕਾਰੀ ਮਹਿਕਮੇ ਹਨ, ਬੇਸ਼ੱਕ ਪੀ.ਜੀ.ਆਈ ਹੋਵੇ ਇਥੇ ਪੰਜਾਬੀ ਦੇ ਵਿਚ ਕੰਮ ਨਹੀਂ ਹੋ ਰਿਹਾ ਅਤੇ ਪੰਜਾਬੀ ਦੇ ਵਿਚ ਸੜਕਾਂ ਤੇ ਸਾਈਨ ਬੋਰਡ ਵੀ ਨਹੀਂ ਲੱਗੇ ਹੋਏ ਹਨ। ਸਿਰਫ਼ ਤੇ ਸਿਰਫ਼ ਹਿੰਦੀ ਵਿਚ ਹੀ ਲੱਗੇ ਹੋਏ ਹਨ, ਜੋ ਕਿ ਗਲਤ ਹੈ।”
ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਵਿਚ ਪੰਜਾਬੀ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਪੰਜਾਬ ਦੇ ਗਵਰਨਰ ਜੋ ਚੰਡੀਗੜ੍ਹ ਯੂ.ਟੀ ਦੇ ਵੀ ਪ੍ਰਸ਼ਾਸਕ ਹਨ, ਉਹ ਇਸ ਵੱਲ ਖਾਸ ਧਿਆਨ ਦੇਣ ।