ਸਿੱਖ ਖਬਰਾਂ

ਗ੍ਰਿਫ਼ਤਾਰੀ ਲਈ ਅਗਲਾ ਜੱਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਜਾਵੇਗਾ : ਮਾਨ

March 5, 2021 | By

ਫ਼ਤਹਿਗੜ੍ਹ ਸਾਹਿਬ – “02 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ ਦਿੱਲੀ ਪਾਰਲੀਮੈਂਟ ਅੱਗੇ ਗ੍ਰਿਫ਼ਤਾਰੀ ਦੇਣ ਲਈ ਭੇਜੇ ਗਏ ਬੀਬੀਆਂ ਦੇ ਜਥੇ ਨੇ ਦਿੱਲੀ ਪੁਲਿਸ ਦੇ ਜ਼ਬਰ-ਜੁਲਮਾਂ ਦਾ ਸਾਹਮਣਾ ਕਰਦੇ ਹੋਏ ਬਹੁਤ ਹੀ ਦਲੇਰੀ ਅਤੇ ਦ੍ਰਿੜਤਾ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪਹੁੰਚਕੇ ਪਾਰਲੀਮੈਂਟ ਵੱਲ ਗ੍ਰਿਫ਼ਤਾਰੀ ਦੇਣ ਲਈ ਜਦੋਂ ਕੂਚ ਕੀਤਾ ਤਾਂ ਕੁਝ ਦੂਰੀ ਤੇ ਪੁਲਿਸ ਨੇ ਬੀਬੀ ਸੁਖਜੀਤ ਕੌਰ ਬਰਨਾਲਾ ਦੀ ਅਗਵਾਈ ਵਿਚ ਗਏ ਬੀਬੀਆਂ ਦੇ ਜਥੇ ਜਿਸ ਵਿਚ ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਕਾਹਨਸਿੰਘਵਾਲਾ, ਹਰਜੀਤ ਕੌਰ ਮੰਡੀਗੋਬਿੰਦਗੜ੍ਹ, ਗੁਰਮੀਤ ਕੌਰ ਸੀਹਾਪਾੜੀ ਅਤੇ 2 ਸਾਲਾ ਛੋਟੀ ਬੱਚੀ ਜੈਸਵੀ ਕੌਰ ਨੂੰ ਗ੍ਰਿਫ਼ਤਾਰ ਕਰਕੇ ਗੱਡੀਆਂ ਵਿਚ ਬਿਠਾ ਲਿਆ ਅਤੇ ਸਵੇਰ 1 ਵਜੇ ਤੱਕ ਵੱਖ-ਵੱਖ ਸਥਾਨਾਂ ਉਤੇ ਲੈਕੇ ਬੀਬੀਆਂ ਨੂੰ ਘੁੰਮਦੇ ਰਹੇ । ਫਿਰ ਸਿੰਘੂ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਲਿਜਾਕੇ ਇਨ੍ਹਾਂ ਨੂੰ ਛੱਡ ਦਿੱਤਾ । ਜਦੋਂਕਿ ਬੀਬੀਆਂ ਨੂੰ ਇਹ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਕਿਹੜਾ ਇਲਾਕਾ ਹੈ ਅਸੀਂ ਕਿਥੇ ਹਾਂ । ਸੈਂਟਰ ਹਕੂਮਤ ਅਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇਣ ਲਈ ਗਈਆ ਬੀਬੀਆਂ ਨਾਲ ਕੀਤੇ ਗਏ ਜ਼ਬਰ ਨੂੰ ਅਸੀਂ ਜਿਥੇ ਸ਼ਰਮਨਾਕ ਕਰਾਰ ਦਿੰਦੇ ਹਾਂ, ਉਥੇ ਬੀਬੀਆਂ ਵੱਲੋਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਦਿਖਾਈ ਗਈ ਦਲੇਰੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅੱਜ ਵਾਪਸ ਪਾਰਟੀ ਦੇ ਹੈੱਡਕੁਆਰਟਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਅਗਵਾਈ ਵਿਚ ਪਹੁੰਚੇ ਇਸ ਜਥੇ ਨੂੰ ਅਸੀਂ ਜੀ-ਆਇਆ ਆਖਦੇ ਹੋਏ ਪੂਰੀ ਸਾਨੋ-ਸੌਕਤ ਨਾਲ ਸਨਮਾਨ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ । ਪਾਰਟੀ ਵੱਲੋਂ ਅਗਲਾ ਜਥਾਂ 09 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਜਾਵੇਗਾ। ਜਿਸ ਵਿਚ ਸ. ਹਰਜੀਤ ਸਿੰਘ ਨਿਜਾਮੂਦੀਨਵਾਲਾ, ਬਲਕਾਰ ਸਿੰਘ ਵਾਲੀਆ ਅੰਮ੍ਰਿਤਸਰ, ਚਰਨ ਸਿੰਘ ਭੱਦਲਥੂਹਾ, ਪ੍ਰੀਤਮ ਸਿੰਘ ਭੋਲੀਆ ਅਤੇ ਸ. ਕੁਲਵੰਤ ਸਿੰਘ ਕੋਟਲਾ ਗੁੱਜਰਾ ਮਜੀਠਾ ਸਾਮਿਲ ਹੋਣਗੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਤੋਂ ਵਾਪਸ ਆਏ ਬੀਬੀਆਂ ਦੇ ਜਥੇ ਦਾ ਸਵਾਗਤ ਕਰਦੇ ਸਮੇਂ ਅਤੇ 09 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਾਣ ਵਾਲੇ ਜਥੇ ਦਾ ਐਲਾਨ ਕਰਦੇ ਹੋਏ ਇਕ ਪ੍ਰੈਸ ਮਿਲਣੀ ਦੌਰਾਨ ਦਿੱਤੀ । ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਔਰੰਗਜੇਬ ਸਮੇਂ ਦਿੱਲੀ ਦੇ ਹਾਕਮ ਹਿੰਦੂਆਂ ਅਤੇ ਸਿੱਖਾਂ ਨਾਲ ਜ਼ਬਰ-ਜੁਲਮ ਕਰਦੇ ਸਨ, ਉਸੇ ਤਰ੍ਹਾਂ ਹੁਣ ਦਿੱਲੀ ਦੀ ਮੋਦੀ ਹਕੂਮਤ ਇਥੋਂ ਦੇ ਮੁਸਲਮਾਨਾਂ ਨਾਲ ਅਤੇ ਘੱਟ ਗਿਣਤੀ ਕੌਮਾਂ ਨਾਲ ਕਰ ਰਹੀ ਹੈ । ਜਦੋਂਕਿ ਉਸ ਸਮੇਂ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਇਸ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਦਿੱਲੀ ਵਿਖੇ ਜਾ ਕੇ ਆਪਣੀ ਸ਼ਹਾਦਤ ਦਿੱਤੀ ਸੀ । ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ 400 ਸਾਲਾ ਅਵਤਾਰ ਪੁਰਬ 19 ਅਪ੍ਰੈਲ ਨੂੰ ਆ ਰਿਹਾ ਹੈ । ਅਸੀਂ ਵੀ ਉਨ੍ਹਾਂ ਦੇ ਪਦਚਿੰਨ੍ਹਾਂ ਤੇ ਚੱਲਦੇ ਹੋਏ ਦਿੱਲੀ ਵਿਖੇ ਗੁਰਦੁਆਰਾ ਸੀਸਗੰਜ ਵਿਖੇ ਪਹੁੰਚਕੇ ਪਹਿਲੇ ਅਰਦਾਸ ਕਰਾਂਗੇ, ਉਪਰੰਤ ਆਪਣੇ ਹੱਥਾਂ ਵਿਚ ਨਿਸ਼ਾਨ ਸਾਹਿਬ ਲੈਕੇ ਲਾਲ ਕਿਲ੍ਹੇ ਵੱਲ ਕੂਚ ਕਰਾਂਗੇ ਅਤੇ ਉਥੇ ਜਾ ਕੇ ਆਪਣਾ ਇਹ ਕੌਮੀ ਨਿਸ਼ਾਨ ਸਾਹਿਬ ਜੋ ਸਰਬੱਤ ਦੇ ਭਲੇ ਅਤੇ ਫ਼ਤਹਿ ਦਾ ਪ੍ਰਤੀਕ ਨਿਸ਼ਾਨ ਹੈ ਉਹ ਜਾ ਕੇ ਲਾਲ ਕਿਲ੍ਹੇ ਤੇ ਝੁਲਾਵਾਂਗੇ । 19 ਅਪ੍ਰੈਲ ਨੂੰ ਸਮੁੱਚੇ ਕਿਸਾਨਾਂ-ਮਜ਼ਦੂਰਾਂ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਵੀ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,