ਲੁਧਿਆਣਾ: ਫਾਸਟਵੇ ਕੇਬਲ ਨੈਟਵਰਕ ਦੇ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਟੀਮ ਇਨਸਾਫ ਦੇ ਮੁਖੀ ਅਤੇ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਗ੍ਰਿਫਤਾਰ ਕੀਤੇ ਗਏ ਟੀਮ ਮੈਂਬਰਾਂ ਨੂੰ ਅੱਜ ਲੁਧਿਆਣਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਵਕੀਲ ਜਗਮੋਹਨ ਸਿੰਘ ਵੜੈਚ ਅਤੇ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਬੈਂਸ ਅਤੇ ਟੀਮ ਇਨਸਾਫ ’ਤੇ ਜਿੰਨੀਆਂ ਵੀ ਧਾਰਾਵਾਂ ਲਗਾਈਆ ਸਨ, ਉਨ੍ਹਾਂ ਸਾਰੀਆਂ ਸਬੰਧੀ ਪੁਲਿਸ ਇਕ ਵੀ ਸਬੂਤ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ, ਜਿਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਟੀਮ ਇਨਸਾਫ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪੰਜਾਬੀ ਚੈਨਲ ’ਤੇ ਚੱਲੀ ਇੰਟਰਵਿਊ ਤੋਂ ਬਾਅਦ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦਾ ਪ੍ਰਸਾਰਣ ਕੇਬਲ ’ਤੇ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਟੀਮ ਇਨਸਾਫ ਨੇ ਲੁਧਿਆਣਾ ਸਥਿਤ ਫਾਸਟਵੇ ਕੇਬਲ ਦਾ ਦਫਤਰ ਘੇਰਿਆ ਸੀ।
ਇਸ ਘਟਨਾ ਦੌਰਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਸਾਰੇ ਮੈਂਬਰਾਂ ਨੂੰ ਪਹਿਲਾਂ ਸੈਂਟਰਲ ਜੇਲ੍ਹ ਲੁਧਿਆਣਾ ਭੇਜਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਬੈਂਸ ਅਤੇ ਸਾਥੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ।
ਇਸੇ ਦੌਰਾਨ ਮਾਨਸਾ ਜੇਲ੍ਹ ਵਿਚ ਬੰਦ ਸਿਮਰਜੀਤ ਬੈਂਸ ਅਤੇ ਉਸਦੇ ਪੁੱਤਰ ਅਜੈਪ੍ਰੀਤ ਸਿੰਘ ਨੂੰ ਸ਼ਾਮ ਕਰੀਬ 7:30 ਵਜੇ ਰਿਹਾਅ ਕਰ ਦਿੱਤਾ ਗਿਆ।