ਲੁਧਿਆਣਾ: ਅਜਾਦ ਵਿਧਾਇਕ ਤੇ ਟੀਮ ਇਨਸਾਫ ਮੁਖੀ ਸਿਮਰਜੀਤ ਸਿੰਘ ਬੈਂਸ ਆਉਣ ਵਾਲੇ ਦਿਨਾਂ ‘ਚ ਬਾਦਲ ਪਰਿਵਾਰ ਤੇ ਬਿਕਰਮ ਮਜੀਠੀਆ ਲਈ ਵੱਡੀ ਮੁਸ਼ਕਲ ਪੈਦਾ ਕਰਨ ਦੀ ਤਿਆਰੀ ‘ਚ ਹਨ। ਬੈਂਸ ਕੋਲ ਇਕ ਅਜਿਹਾ ਵੀਡੀਓ ਸਬੂਤ ਹੈ ਜਿਸ ਤੋਂ ਬਿਕਰਮ ਮਜੀਠੀਆ ਦੇ ਡਰੱਗ ਤਸਕਰੀ ਨਾਲ ਜੁੜੇ ਲੋਕਾਂ ਨਾਲ ਸਬੰਧਾਂ ਦਾ ਖੁਲਾਸਾ ਹੋ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਇਕ ਨਹੀਂ ਸਗੋਂ ਕਈ ਸਬੂਤ ਉਨ੍ਹਾਂ ਕੋਲ ਮੌਜੂਦ ਹਨ ਜਿਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਭ ਕੁਝ ਸਾਫ ਹੋ ਜਾਏਗਾ।
ਲੁਧਿਆਂਣਾ ‘ਚ ਕੇਬਲ ਨੈਟਵਰਕ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਮਾਨਤ ਤੋਂ ਬਾਅਦ ਕੱਲ੍ਹ ਦੇਰ ਰਾਤ ਹੀ ਉਨ੍ਹਾਂ ਦੀ ਰਿਹਾਈ ਹੋਈ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬੈਂਸ ਨੇ ਬਾਦਲ ਪਰਿਵਾਰ ਤੇ ਖਾਸ ਕਰ ਬਿਕਰਮ ਮਜੀਠੀਆ ਤੇ ਵੀਡੀਓ ਬੰਬ ਚਲਾਉਣ ਦਾ ਦਾਅਵਾ ਕਰ ਦਿੱਤਾ ਹੈ। ਬਾਦਲ ਪਰਿਵਾਰ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦਾਅਵੇ ਝੂਠੇ ਹਨ ਤੇ ਮਜੀਠੀਆ ਬੇਕਸੂਰ ਹੈ ਤਾਂ ਬਾਦਲ ਪਰਿਵਾਰ ਉਨ੍ਹਾਂ ‘ਤੇ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਹਿੰਮਤ ਦਿਖਾਵੇ।
ਜ਼ਿਕਰਯੋਗ ਹੈ ਕਿ ਬੈਂਸ ਨੇ ਕੁਝ ਦਿਨ ਪਹਿਲਾਂ ਵਿਧਾਨ ਸਭਾ ‘ਚ ਵੀ ਕੈਬਨਿਟ ਮੰਤਰੀ ਬਿਕਰਮ ਮਜੀਠੀਆ ‘ਤੇ ਚਿੱਟੇ (ਹਿਰੋਇਨ/ ਸਮੈਕ) ਨੂੰ ਲੈ ਕੇ ਸਿੱਧੇ ਇਲਜ਼ਾਮ ਲਗਾਉਂਦਿਆਂ ਹੜਕੰਪ ਮਚਾ ਦਿੱਤਾ ਸੀ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਲੀਡਰ ਸੰਜੇ ਸਿੰਘ ਵਲੋਂ ਨਸ਼ੇ ਨਾਲ ਨਾਮ ਜੋੜੇ ਜਾਣ ਦੇ ਚਲਦੇ ਮਜੀਠੀਆ ਨੇ ਸੰਜੇ ਸਿੰਘ ‘ਤੇ ਮਾਨਹਾਨੀ ਦਾ ਮੁਕੱਦਮਾ ਠੋਕਿਆ ਹੈ। ਪਰ ਬਾਵਜੂਦ ਇਸਦੇ ਬੈਂਸ ਨੇ ਆਪਣੇ ਕੋਲ ਪੁਖਤਾ ਸਬੂਤ ਹੋਣ ਦਾ ਦਾਅਵਾ ਕਰਦਿਆਂ ਬਾਦਲ ਪਰਿਵਾਰ ਤੇ ਮਜੀਠੀਆ ਨੂੰ ਉਨ੍ਹਾਂ ਖਿਲਾਫ ਮੁਕੱਦਮਾ ਕਰਨ ਦੀ ਹਿੰਮਤ ਦਿਖਾਉਣ ਲਈ ਵੰਗਾਰਿਆ ਹੈ।