Site icon Sikh Siyasat News

ਬਾਦਲ ਪਿੰਡ ਘਿਰਾਓ ਕਰਨ ਜਾ ਰਹੇ ਸਿੱਖਿਆ ਕਰਮੀਆਂ ਨੂੰ ਨਾਕਾ ਲਾ ਕੇ ਰੋਕਿਆ

ਮਾਨਸਾ/ਜੋਗਾ (12 ਮਾਰਚ, 2011 – ਕੁਲਵਿੰਦਰ): ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬਾਦਲ ਪਿੰਡ ਦਾ ਘਿਰਾਓ ਕਰਨ ਲਈ ਜਾ ਰਹੇ ਅਧਿਆਪਕਾਂ ਨੂੰ ਭਾਰੀ ਸੁਰੱਖਿਆ ਫੌਰਸ ਨੇ ਜ਼ਿਲ੍ਹੇ ਦੇ ਪਿੰਡ ਭਾਈਦੇਸਾ ਕੋਲ ਨਾਕਾ ਲਗਾਕੇ ਰੋਕ ਲਿਆ। ਜਿਸ ਦੇ ਵਿਰੋਧ ‘ਚ ਸਿੱਖਿਆ ਕਰਮੀ ਅਧਿਆਪਕਾਂ ਵਲੋਂ ਮਾਨਸਾ-ਬਠਿੰਡਾ ਰੋਡ ਉੱਪਰ ਹੀ ਧਰਨਾ ਲਗਾਕੇ ਰੋਡ ਨੂੰ ਜਾਮ ਕਰ ਦਿੱਤਾ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਡੇਲੂਆਣਾ ਨੇ ਕਿਹਾ ਕਿ ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਸਮੇਂ ਦੀ ਸਰਕਾਰ ਸ਼ਾਂਤਮਈ ਰੋਸ ਪ੍ਰਗਟ ਕਰਨ ‘ਤੇ ਵੀ ਉਨਾਂ ਉੱਪਰ ਲਾਠੀਆਂ ਵਰਾਉਂਦੀਆਂ ਹੈ ਤੇ ਮਹਿਲਾ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ੍ਹਕੇ ਘੜੀਸਿਆਂ ਜਾਂਦਾ ਹੈ ਜੋ ਕਿ ਸ਼ਰ੍ਹੇਆਮ ਮਨੁੱਖੀ ਅਧਿਕਾਰਾਂ ਦੀ ਘੌਰ ਉਲੰਘਣਾ ਹੈ। ਆਗੂ ਨੇ ਕਿਹਾ ਕਿ ਯੂਨੀਅਨ ਪਿਛਲੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਮੱਧ ਪ੍ਰਦੇਸ਼ ਸਰਕਾਰ ਦੀ ਤਰਜ਼ ‘ਤੇ ਸਿੱਖਿਆ ਕਰਮੀਆਂ ਨੂੰ ਰੈਗੂਲਰ ਕਰਨ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ,ਉਨਾਂ ਦੀ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ।

ਆਗੂ ਨੇ ਇਹ ਵੀ ਦੱਸਿਆ ਕਿ ਬਾਦਲ ਪਿੰਡ ਦੇ ਘਿਰਾਓ ਦੇ ਪ੍ਰੋਗਰਾਮ ਕਾਰਨ ਬੁਖਲਾਹਟ ‘ਚ ਆਏ ਪ੍ਰਸ਼ਾਸ਼ਨ ਥਾਂ-ਥਾਂ ਨਾਕਿਆਂ ਉੱਪਰ ਸਿੱਖਿਆ ਕਰਮੀਆਂ ਨੂੰ ਰੋਕੀ ਰੱਖਿਆ। ਇਸ ਮੌਕੇ ਬੋਲਦਿਆ ਭੁਪਿੰਦਰ ਸਿੰਘ ਪਟਿਆਲਾ,ਸ਼ਮਸ਼ੇਰ ਸਿੰਘ ਮੋਹਾਲੀ,ਸੁਖਬੀਰ ਸਿੰਘ ਫਤਿਹਗੜ੍ਹ ਸਾਹਿਬ,ਹਰਪ੍ਰੀਤ ਸਿੰਘ ਲੀਲੋਵਾਲ,ਗੁਰਪ੍ਰੀਤ ਸਿੰਘ ਮਾਨਸਾ,ਗੁਰਮੀਤ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਸਿੱਖਿਆ ਕਰਮੀਆਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀ। ਯੂਨੀਅਨ ਆਉਣ ਵਾਲੇ ਸਮੇਂ ‘ਚ ਆਪਣੀਆਂ ਮੰਗਾਂ ਮੰਨਵਾਉਣ ਲਈ ਤਿੱਖਾ ਸੰਘਰਸ਼ ਉਲੀਕੇਗੀ। ਇਸ ਮੌਕੇ ਫ਼ੀਲਡ ਵਰਕਰਜ਼ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਲਗਭਗ 2 ਘੰਟੇ ਦੇ ਜਾਮ ਤੋਂ ਬਾਅਦ ਜਦੋਂ ਸਿੱਖਿਆ ਕਰਮੀ ਵਾਪਿਸ ਮਾਨਸਾ ਕੈਂਚੀਆਂ ਵੱਲ ਪਹੁੰਚੇ ਤਾਂ ਉੱਥੇ ਪੁਲਿਸ ਫੌਰਸ ਨੇ ਉਨਾਂ ਨੂੰ ਹਿਰਾਸਤ ਵਿਚ ਲੈ ਲਿਆ। ਦੇਰ ਸ਼ਾਮ ਤੱਕ ਸਾਰੇ ਸਿੱਖਿਆ ਕਰਮੀਆਂ ਨੂੰ ਛੱਡ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version