ਅੰਮ੍ਰਿਤਸਰ( 6 ਸਤੰਬਰ 2014): ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅੱਜ ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸ੍ਰ. ਖਾਲੜਾ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋ 6 ਸਤੰਬਰ 1995 ਵਿੱਚ ਉਨ੍ਹਾਂ ਦੇ ਘਰ ਤੋਂ ਦਿਨ ਦਿਹਾੜੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰ. ਖਾਲੜਾ ਦੀ ਸਹਾਦਤ ਨੂੰ ਯਾਦ ਕਰਨ ਲਈ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਬੀਬੀ ਖਾਲੜਾ ਨੇ ਆਪਣੇ ਪਤੀ ਸ੍ਰ. ਜਸਵੰਤਸਿੰਘ ਖਾਲੜਾ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ। ਜਿਸ ਵਿੱਚ ਕੁਝ ਪਲਿਸ ਅਫਸਰਾਂ ਨੂੰ ਸਾਲ ਦੀ ਸਜ਼ਾ ਹੋਈ ਪਰ ਸ੍ਰ. ਖਾਲੜਾ ਦੇ ਕਤਲ ਦੇ ਮੁੱਖ ਦੋਸ਼ੀ ਪੁਲਿਸ ਅਫਸਰ ਅਜੇ ਵੀ ਅਜ਼ਾਦ ਘੁੰਮ ਰਿਹਾ ਹੈ।ਇਸ ਸਮੇ ਸਿੱਖ ਜੱਥੇਬੰਦੀ ਦਲ ਖਾਲਸਾ ਵੱਲੋਂ ਬੀਬੀ ਪਰਮਜੀਤ ਕੌਰ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਬੀਬੀ ਖਾਲੜਾ ਨੇ ਇਸ ਸਮੇਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਕਿਸ ਤਰਾਂ ਉਨ੍ਹਾਂ ਦੇ ਪਤੀ ਸ੍ਰ. ਖਲਾੜਾ ਨੂੰ ਉਸ ਸਮੇਂ ਦੇ ਤਰਨਤਾਰ ਦੇ ਐੱਸ ਪੀ ਅਜੀਤ ਸਿੰਘ ਸੰਧੂ ਦੇ ਇਸ਼ਾਰੇ ‘ਤੇ ਪੁਲਿਸ ਨੇ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਕਬੀਰ ਪਾਰਕ ਘਰ ਤੋਂ ਚੁੱਕ ਕੇ ਸ਼ਹੀਦ ਕੀਤਾ ਸੀ।ਉਨ੍ਹਾਂ ਦੱਸਿਆ ਕਿ ਕੁਝ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਸਿੱਖਾਂ ‘ਤੇ ਕੀਤੀਆਂ ਗਈਆਂ ਜਿਆਦਤੀਆਂ ਵਿੱਚ ਉਨ੍ਹਾਂ ਦੇ ਨਾਂ ਨਸ਼ਰ ਹੋਣ ਦੇ ਡਰੋਂ, ਉਨ੍ਹਾਂ ਸ੍ਰ. ਖਾਲੜਾ ਨੂੰ ਸ਼ਹੀਦ ਕਰਵਾ ਦਿੱਤਾ ਸੀ।ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਸ੍ਰ. ਖਾਲੜਾ ਵੱਲੋਂ ਇਨਸਾਫ ਅਤੇ ਸੱਚ ਲਈ ਸ਼ੁਰੂ ਕੀਤੀ ਜੱਦੋਜਹਿਦ ਜਾਰੀ ਰੱਖਣਗੇ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸ੍ਰ ਖਾਲੜਾ ਵੱਲੋਂ ਉਸ ਸਮੇਂ ਪੰਜਾਬ ਪੁਲਿਸ ਅਤੇ ਹੋਰ ਅਰਧ ਫੋਜੀ ਸੁਰੱਖਿਆ ਬਲਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਚੁੱਕ ਕੇ ਤਸੀਹਾ ਕੇਂਦਰਾਂ ਵਿੱਚ ਤਸੀਹੇ ਦੇ ਕੇ ਮਾਰੇ ਅਤੇ ਸ਼ਮਸ਼ਾਨ ਘਾਟਾਂ ਵਿੱਚ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਾੜੇ ਗਏ ਹਜ਼ਾਰਾਂ ਸਿੱਖਾਂ ਲਈ ਇਨਸਾਫ ਲੈਣ ਕਰਨ ਲਈ ਕੀਤੀ ਘਾਲਣਾ ਅਦੁੱਤੀ ਹੈ।ਉਨ੍ਹਾਂ ਸ੍ਰ. ਖਾਲੜਾ ਦੀ ਸ਼ਹਾਦਤ ਨੂੰ ਵਿਲੱਖਣ ਕਰਾਰ ਦਿੰਦਿਆਂ ਕਿਹਾ ਕਿ ਸ੍ਰ. ਖਾਲੜਾ ਨੂੰ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਮੁੱਖੀ ਕੇ.ਪੀ ਐੱਸ ਗਿੱਲ ਦੀਆਂ ਹਦਾਇਤਾਂ ‘ਤੇ ਅਗਵਾ ਕੀਤਾ ਗਿਆ ਸੀ,ਪਰ ਉਸਨੂੰ ਭਾਰਤ ਦਾ ਲੰਮੀਆਂ ਬਾਹਾਂ ਵਾਲਾ ਕਾਨੂੰਨ ਸਜ਼ਾ ਨਹੀਂ ਦੇ ਸਕਿਆ।
ਉਨ੍ਹਾਂ ਨੇ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਬਾਦਲ ਦਲ ਵੱਲੋਂ ਪਾਰਟੀ ਵਿੱਚ ਵੱਡਾ ਅਹੁਦਾ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਖਾਸ ਕਰਕੇ ਸਿੱਖਾਂ ‘ਤੇ ਜ਼ੁਲਮ ਕਰਨ ਵਾਲਿਆ ਲਈ ਮੁੱਖ ਰਾਜਸੀ ਪਾਰਟੀਆਂ ਸ਼ਰਨਗਾਹ ਬਨਈਆਂ ਹੋਈਆਂ ਨੇ, ਭਾਂਵੇਂ ਇਹ ਕਾਂਗਰਸ, ਭੀਜੇਪੀ ਹੋਵੇ ਜਾਂ ਬਾਦਲ ਦਲ।
ਇਸ ਸਮੇਂ ਇਕੱਤਰ ਸੰਗਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੇ, ਗੈਰ ਕਾਨੂੰਨੀ ਅਗਵਾਕਰਨ ਦੀਆਂ ਵਾਰਦਾਤਾਂ ਅਤੇ ਅਣਪਛਾਤੀਆਂ ਲਾਸ਼ਾ ਕਰਾਰ ਦੇ ਕੇ ਕੀਤੇ ਗਏ ਸੰਸਕਾਰਾਂ ਸਬੰਧੀ ਇਸਦੇ ਜ਼ਿਮੇਵਾਰ ਪਲਿਸ ਅਧਿਕਾਰੀਆਂ ਖਿਲਾਫ ਨਿਰਪੱਖ ਜਾਂਚ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿੱਚ ਅਦਾਲਤਾਂ ਵੱਲੌਂ ਦਿੱਤੀ ਸਜ਼ਾ ਪੂਰੀ ਕਰਨ ਉਪਰੰਤ ਵੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ।
ਸਮਾਗਮ ਵਿੱਚ ਇਕੱਤਰ ਸੰਗਤ ਨੇ ਦੁੱਖ ਪ੍ਰਗਟ ਕੀਤਾ ਕਿ ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲ਼ਿਆਂ ਨੂੰ ਕਾਨੂੰਨ ਤੋਂ ਬਚਾਉਣ ਲਈ ਮੌਜੂਦਾ ਬਾਦਲ ਸਰਕਾਰ ਅਤੇ ਜ਼ਾਲਮ ਕਾਂਗਰਸ ਸਰਕਾਰ ਵਿੱਚ ਰਤੀ ਭਰ ਵੀ ਫਰਕ ਨਹੀਂ ।
ਇਸ ਸਮੇਂ ਹੋਰਨਾ ਤੋਂ ਇਲਾਵਾ ਪੰਚ ਪ੍ਰਧਾਨੀ ਦੇ ਆਗੂ ਸ੍ਰ.ਬਲਦੇਵ ਸਿੰਘ ਸਰਸਾ ਅਤੇ ਖਾਲੜਾ ਮਿਸ਼ਨ ਦੇ ਸਰਪ੍ਰਸਤ ਦਲਬੀਰ ਸਿੰਘ ਨੇ ਵੀ ਹਾਜ਼ਰ ਸੰਗਤ ਨਾਲ ਵਿਚਾਰ ਸਾਂਝੇ ਕੀਤੇ।