ਵਾਸ਼ਿੰਗਟਨ (1 ਮਈ,2015): ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਇੱਕ ਸਿੱਖ ਜੱਥੇਬੰਦੀ ਵੱਲੋਂ ਅਮਰੀਕੀ ਕਾਂਗਰਸ ਦੇ ਇਕ ਉੱਘੇ ਪੈਨਲ ਦੀ ਪ੍ਰਸੰਸਾ ਕੀਤੀ ਜਿਸਨੇ ਧਾਰਮਿਕ ਆਜ਼ਾਦੀ ‘ਤੇ ਆਪਣੀ ਸਾਲਾਨਾ ਰਿਪੋਰਟ ‘ਚ ‘ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ’ ਦੀ ਗੱਲ ਕੀਤੀ ਹੈ ।
ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਆਪਣੀ 2015 ਦੀ ਸਾਲਾਨਾ ਰਿਪੋਰਟ ‘ਚ ਕਿਹਾ ਹੈ ਕਿ ਸਿੱਖਾਂ ਨੂੰ ਅਕਸਰ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਨ੍ਹਾਂ ਦੇ ਪਹਿਰਾਵੇ, ਕੇਸ਼, ਕ੍ਰਿਪਾਨ, ਧਾਰਮਿਕ ਸਮੱਗਰੀ ਤੇ ਉਨ੍ਹਾਂ ਦੇ ਵੱਖਰੇ ਵਿਸ਼ਵਾਸਾਂ ਤੇ ਪ੍ਰਾਰਥਨਾ ਕਰਨ ਦੇ ਢੰਗਾਂ ਨੂੰ ਤਿਆਗਣ ਲਈ ਦਬਾਅ ਬਣਾਇਆ ਜਾਂਦਾ ਹੈ ਜੋ ਸਿੱਖ ਧਰਮ ਨਾਲ ਵਿਸ਼ੇਸ਼ ਤੌਰ ‘ਤੇ ਜੁੜੇ ਹੋਏ ਹਨ ।
ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਵੀ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ‘ਚ ਬਦਲਾਅ ਕਰਨ ਦੀ ਮੰਗ ਕਰ ਰਿਹਾ ਹੈ, ਜਿਸ ਅਨੁਸਾਰ ਹਿੰਦੂਆਂ ‘ਚ ਉਹ ਲੋਕ ਵੀ ਸ਼ਾਮਿਲ ਹਨ ਜੋ ਸਿੱਖ, ਜੈਨ ਤੇ ਬੁੱਧ ਧਰਮ ਨੂੰ ਮੰਨਦੇ ਹਨ ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੀ ਵੱਖਰੀ ਪਛਾਣ ਨਾ ਹੋਣ ਕਰਕੇ ਸਿੱਖਾਂ ਨੂੰ ਰੁਜ਼ਗਾਰ ਤੇ ਕਿੱਤਾਮੁਖੀ ਸੰਸਥਾਵਾਂ ‘ਚ ਬਣਦੀ ਹਿੱਸੇਦਾਰੀ ਨਹੀਂ ਮਿਲਦੀ ਜੋ ਹੋਰ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਤੇ ਅਨੁਸੂਚਿਤ ਜਾਤੀ ਦੇ ਹਿੰਦੂਆਂ ਨੂੰ ਮਿਲਦੀ ਹੈ । ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਰਿਪੋਰਟ ਨੂੰ ਇਤਿਹਾਸਕ ਦੱਸਦਿਆਂ ਕਿਹਾ ਹੈ ਕਿ ਅਮਰੀਕਾ ‘ਚ ਸਿੱਖਾਂ ਦੀ ਅਲੱਗ ਪਹਿਚਾਣ ਦੇ ਮਾਮਲੇ ਦੇ ਉੱਠਣ ਨਾਲ ਸਿੱਖ ਭਾਈਚਾਰੇ ਦੀ ਸਵੈ ਨਿਰਣੇ ਦੇ ਅਧਿਕਾਰ ਦੀ ਮੰਗ ਨੂੰ ਸਮਰਥਨ ਮਿਲੇਗਾ ।