ਖਾਸ ਖਬਰਾਂ

ਭਾਰਤੀ ਸੁਪਰੀਮ ਕੋਰਟ ਵਲੋਂ ਸਿੱਖਾਂ ਦੀ ਦਸਤਾਰ ‘ਤੇ ਕੀਤੀਆਂ ਟਿੱਪਣੀਆਂ ਨੂੰ ਸਿੱਖ ਜਥੇਬੰਦੀਆਂ ਨੇ ਦੱਸਿਆ ਮੰਦਭਾਗਾ

By ਸਿੱਖ ਸਿਆਸਤ ਬਿਊਰੋ

April 22, 2018

ਚੰਡੀਗੜ੍ਹ: ਭਾਰਤੀ ਸੁਪਰੀਮ ਕੋਰਟ ਦੇ ਜੱਜ ਵੱਲੋਂ ਇਕ ਕੇਸ ਵਿਚ ਸਿੱਖਾਂ ਦੀ ਦਸਤਾਰ ਸਬੰਧੀ ਕੀਤੀ ਗਈ ਟਿੱਪਣੀ ਅਤੇ ਉਸ ’ਤੇ ਉਠਾਏ ਗਏ ਸਵਾਲ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ। ਸਿੱਖ ਜਥੇਬੰਦੀਆਂ ਨੇ ਆਖਿਆ ਕਿ ਦਸਤਾਰ ਸਿੱਖਾਂ ਦੇ ਪਹਿਰਾਵੇ ਦਾ ਅਹਿਮ ਹਿੱਸਾ ਹੈ। ਜ਼ਿਕਰਯੋਗ ਹੈ ਕਿ ਸਾਈਕਲ ਐਸੋਸੀਏਸ਼ਨ ਵੱਲੋਂ ਹੈਲਮੇਟ ਪਹਿਨਣ ਦੀ ਲਾਜ਼ਮੀ ਸ਼ਰਤ ਨੂੰ ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਿੱਖਾਂ ਲਈ ਹੈਲਮਟ ਪਹਿਨਣਾ ਲਾਜ਼ਮੀ ਨਹੀਂ ਹੈ। ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਸਵਾਲ ਉਠਾਇਆ ਕਿ ਕੀ ਦਸਤਾਰ ਸਿੱਖਾਂ ਲਈ ਲਾਜ਼ਮੀ ਹੈ ਜਾਂ ਫਿਰ ਸਿਰਫ਼ ਸਿਰ ਢੱਕਣ ਦਾ ਇਕ ਸਾਧਨ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਦਸਤਾਰ ਸਿੱਖਾਂ ਦੀ ਪਛਾਣ ਦਾ ਹਿੱਸਾ ਹੈ ਅਤੇ ਇਹ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਕੋਈ ਲੋੜ ਨਹੀਂ ਹੈ। ਇਤਿਹਾਸ ਦਾ ਹਵਾਲਾ ਦਿੰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਵੀ ਸਿੱਖ ਸੈਨਿਕਾਂ ਨੇ ਦਸਤਾਰਾਂ ਸਜਾ ਕੇ ਹੀ ਯੁੱਧ ਲੜੇ ਸਨ। ਉਨ੍ਹਾਂ ਕਿਹਾ,‘‘ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਫ਼ੌਜ ਮੁਖੀ ਵੀ ਸਿੱਖ ਵਿਅਕਤੀ ਰਹਿ ਚੁੱਕੇ ਹਨ। ਇਸ ਲਈ ਦਸਤਾਰ ਸਬੰਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ।’’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਸਤਾਰ ਸਿੱਖੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਮੁੱਦੇ ਉੱਤੇ ਸੁਪਰੀਮ ਕੋਰਟ ਵੱਲੋਂ ਉਠਾਏ ਸਵਾਲ ਨੂੰ ਪਾਰਟੀ ਕੇਂਦਰ ਸਰਕਾਰ ਕੋਲ ਲੈ ਕੇ ਜਾਵੇਗੀ ਤਾਂ ਜੋ ਇਸ ਮੁੱਦੇ ਦਾ ਹਮੇਸ਼ਾ ਲਈ ਨਿਬੇੜਾ ਹੋ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਉੱਚ ਅਦਾਲਤ ਵੱਲੋਂ ਸਿੱਖ ਧਰਮ ਵਿੱਚ ਦਸਤਾਰ ਦੀ ਅਹਿਮੀਅਤ ਬਾਰੇ ਖੜ੍ਹੇ ਕੀਤੇ ਸਵਾਲ ਨਾਲ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਲੈ ਕੇ ਜਾਵਾਂਗੇ ਅਤੇ ਕੇਸ ਪ੍ਰਭਾਵਸ਼ਾਲੀ ਢੰਗ ਨਾਲ ਸੁਪਰੀਮ ਕੋਰਟ ਅੱਗੇ ਪੇਸ਼ ਕਰਨ ਲਈ ਕਹਾਂਗੇ। ਉਨ੍ਹਾਂ ਨੂੰ ਭਰੋਸਾ ਹੈ ਕਿ ਉੱਚ ਅਦਾਲਤ ਹਰ ਕੀਮਤ ’ਤੇ ਧਾਰਮਿਕ ਵਿਸਵਾਸ਼ ਦੀ ਰਾਖੀ ਨੂੰ ਯਕੀਨੀ ਬਣਾਏਗੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਸਤਾਰ ਅਤੇ ਚਾਰ ਹੋਰ ਧਾਰਮਿਕ ਚਿੰਨ੍ਹ ਖ਼ਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਪੱਕੇ ਤੌਰ ’ਤੇ ਨਿਬੇੜਾ ਕਰਨ ਦੀ ਅਪੀਲ ਕਰੇਗਾ ਤਾਂ ਕਿ ਸਿੱਖਾਂ ਨੂੰ ਵਾਰ ਵਾਰ ਤੰਗ ਨਾ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵੱਲੋ ਸਿੱਖ ਦੀ ਦਸਤਾਰ ਦੇ ਇੱਕ ਕੇਸ ਵਿੱਚ ਸੁਣਵਾਈ ਕਰਦਿਆ ਦਸਤਾਰ ਦਾ ਮਜ਼ਾਕ ਉਡਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਸਿੱਖਾਂ ਦੀ ਦਸਤਾਰ ਬਾਰੇ ਚਿੰਤਾ ਕਰਨ ਤੋਂ ਪਹਿਲਾਂ ਆਪਣੇ ‘ਤੇ ਲੱਗ ਰਹੇ ਮਹਾਂਦੋਸ਼ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿਹੜਾ ਸੁਪਰੀਮ ਕੋਰਟ ਦੀ ਛਵੀ ਲਈ ਖਤਰਨਾਕ ਸਾਬਤ ਹੇਵੇਗਾ।

ਉਨ੍ਹਾਂ ਕਿਹਾ ਕਿ ਜੱਜਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਦਸਤਾਰ ‘ਤੇ ਟਿੱਪਣੀਆ ਕਰਨ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜਾਂ ਕੋਲ ਇਨਸਾਫ ਵਾਲੇ ਤੰਤਰ ਵਿੱਚ ਤਾਂ ਕੋਈ ਤਬਦੀਲੀ ਕਰਨ ਦਾ ਸਮਾਂ ਨਹੀ ਹੈ ਪਰ ਇੱਕ ਧਰਮ ਵਿੱਚ ਬੇਲੋੜੀ ਦਖਲਅੰਦਾਜੀ ਕਰਕੇ ਨਵੀਆ ਗੁੰਝਲਾਂ ਜਰੂਰ ਪਾਉਣ ਦੀਆ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਪ੍ਰਸ਼ਨ ਚਿੰਨ੍ਹ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਵੱਲੋਂ ਇਸ ਕੇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਆਖਿਆ ਕਿ ਜੱਜਾਂ ਵੱਲੋਂ ਦਸਤਾਰ ਵਿਰੋਧੀ ਟਿੱਪਣੀਆਂ ਮੰਦਭਾਗੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: