ਜਲੰਧਰ (2 ਨਵੰਬਰ, 2015): ਸ਼੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਧਰਨੇ ਦੌਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਦੇ ਸ਼ਹੀਦੀ ਸਮਾਗਮ ਮੌਕੇ ਸਿੱਖ ਜੱਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਦੇ ਅਗਲੇ ਪੜਾਅ ਮੁਤਬਾਕਿ ਅੱਜ ਸਿੱਖ ਸੰਗਤਾਂ ਸੜਕਾਂ ਦੇ ਦੋਵੇਂ ਪਾਸੇ ਖੜ ਕੇ ਕਾਲੀਆਂ ਝੰਡੀਆਂ ਹੱਥਾਂ ਵਿੱਚ ਲੈਕੇ ਸ਼ਾਂਤਮਈ ਰੋਸ ਪ੍ਰਗਾਟਾਵਾ ਕਰਨਗੀਆਂ।
ਪੰਥਕ ਜਥੇਬੰਦੀਆਂ ਨੇ ਸਮੂਹ ਸਿੱਖ ਸੰਗਤ ਨੂੰ 3 ਨਵੰਬਰ ਨੂੰ ਸਵੇਰੇ 10 ਤੋਂ 1 ਵਜੇ ਤੱਕ ਸੜਕਾਂ ਦੁਆਲੇ ਕਾਲੀਆਂ ਝੰਡੀਆਂ ਲੈ ਕੇ ਤੇ ਮੰਗਾਂ ਵਾਲੀਆਂ ਤਖ਼ਤੀਆਂ ਚੁੱਕ ਕੇ ਸ਼ਾਂਤਮਈ ਰੋਸ ਦਾ ਪ੍ਰਗਟਾਵਾ ਕਰਨ ਦਾ ਸੱਦਾ ਦਿੱਤਾ ਹੈ।
ਆਮ ਤੌਰ ‘ਤੇ ਸਿੱਖਾਂ ਦੇ ਰੋਸ ਮਾਰਚ ‘ਚ ਤਲਖ਼ੀ ਵਾਲੇ ਨਾਅਰੇ, ਤਲਵਾਰਾਂ ਘੁਮਾਉਣ ਅਤੇ ਬਾਜ਼ਾਰ ਬੰਦ ਕਰਵਾਉਣ ਬਾਰੇ ਗੱਲਾਂ ਹੁੰਦੀਆਂ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿਰੁੱਧ ਉੱਠੀ ਰੋਸ ਦੀ ਲਹਿਰ ‘ਚ ਸ਼ਾਮਿਲ ਪੰਥ ਪ੍ਰਚਾਰਕਾਂ ਦੀ ਸ਼ਮੂਲੀਅਤ ਨੇ ਸਿੱਖਾਂ ਦੇ ਰੋਸ ਨੂੰ ਇਕ ਨਵਾਂ ਮੋੜ ਦਿੱਤਾ ਹੈ। ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਪਰ ਸਿੱਖ ਸੰਗਤ ਦੀ ਅਥਾਹ ਸ਼ਮੂਲੀਅਤ ਦੇ ਉਦੇਸ਼ ਨਾਲ ਉਲੀਕਿਆ ਇਹ ਆਪਣੀ ਕਿਸਮ ਦਾ ਨਿਵੇਕਲਾ ਰੋਸ ਪ੍ਰਗਟਾਵਾ ਹੋਵੇਗਾ।
3 ਨਵੰਬਰ ਨੂੰ 3 ਘੰਟੇ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਨਾ ਨਾਅਰੇ ਲੱਗਣਗੇ, ਨਾ ਸੜਕਾਂ ਰੋਕੀਆਂ ਜਾਣਗੀਆਂ, ਨਾ ਬਾਜ਼ਾਰ ਬੰਦ ਕਰਵਾਏ ਜਾਣਗੇ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਹੋ-ਹੱਲਾ ਹੀ ਹੋਵੇਗਾ। ਬਸ ਲੋਕ ਸਵੇਰੇ ਆਪ ਮੁਹਾਰੇ ਸੜਕਾਂ ਉੱਪਰ ਖਲ੍ਹੋ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ।
ਪੰਥਕ ਪ੍ਰਚਾਰਕਾਂ ਭਾਈ ਪੰਥ ਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਬਾਬਾ ਦਲੇਰ ਸਿੰਘ ਖੇੜੀ ਵਾਲੇ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਲੋਕਾਂ ਅੰਦਰ ਵੱਡਾ ਗੁੱਸਾ ਸੀ। ਸਰਕਾਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਪਹਿਲਾਂ ਕੋਟਕਪੂਰਾ ‘ਚ ਸ਼ਾਂਤਮਈ ਬੈਠੇ ਪੰਥਕ ਪ੍ਰਚਾਰਕਾਂ ਉੱਪਰ ਟੁੱਟ ਪਈ, ਫਿਰ ਬਹਿਬਲ ਕਲਾਂ ‘ਚ ਵਹਿਸ਼ੀ ਹਮਲੇ ਦਾ ਨਿਸ਼ਾਨਾ ਬਣਾਇਆ, ਜਿਸ ਵਿਚ ਪੁਲਿਸ ਗੋਲੀ ਨਾਲ ਦੋ ਨੌਜਵਾਨ ਮਾਰੇ ਗਏ ਤੇ 80 ਦੇ ਕਰੀਬ ਹੋਰ ਸਿੱਖ ਜ਼ਖ਼ਮੀ ਹੋਏ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖ ਜਜ਼ਬਾਤਾਂ ਨੂੰ ਸਮਝਣ ਦੀ ਬਜਾਏ ਉਲਟਾ ਦੋ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਬੇਅਦਬੀ ਕਾਂਡ ‘ਚ ਫੜ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਚਾਲ ਚੱਲੀ ਤੇ ਇਹ ਗੱਲ ਘੁਮਾਈ ਕਿ ਬੇਅਦਬੀ ਕਰਨ ਵਾਲਿਆਂ ਪਿੱਛੇ ਕੌਮਾਂਤਰੀ ਹੱਥ ਹੋਣਾ ਹੈ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਬੇਅਦਬੀ ਮਾਮਲੇ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਦਾ ਫੈਸਲਾ ਕਰਕੇ ਇਹ ਗੱਲ ਤਾਂ ਸਵੀਕਾਰ ਹੀ ਕਰ ਲਈ ਹੈ ਕਿ ਉਸ ਦੀਆਂ ਏਜੰਸੀਆਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਤੇ ਲੋਕਾਂ ਦੇ ਜਜ਼ਬਾਤ ਸ਼ਾਂਤ ਕਰਨ ਦੇ ਸਮਰੱਥ ਨਹੀਂ।