ਪੱਤਰ

ਸਿੱਖਾਂ ਨੂੰ ਫਾਂਸੀ ਦੇਣ ਚ ਪਹਿਲ ਹੈ-ਤਰੱਕੀਆਂ ਚ ਨਹੀਂ !

By ਸਿੱਖ ਸਿਆਸਤ ਬਿਊਰੋ

May 29, 2010

ਸਿੱਖ ਇਕ ਮਾਰਸ਼ਲ ਕੌਮ ਹੈ। ਇਸਦੀ ਬਹਾਦਰੀ ਦੀਆਂ ਧੁੰਮਾਂ ਪੂਰੇ ਸੰਸਾਰ ਵਿਚ ਹਨ। ਜਿੰਨੀਆਂ ਵੀ ਜੰਗਾਂ ਲੜੀਆਂ ਗਈਆਂ,ਉਨ੍ਹਾ ਦੇ ਨਾਇਕ ਸਿੱਖ ਹੀ ਰਹੇ ,ਭਾਵੇਂ ਉਹ ਜੰਗਾਂ ਪਿਛਲੀਆਂ ਸਦੀਆਂ ਵਿਚ ਲੜੀਆ ਤੇ ਭਾਵੇਂ ਅੱਜ ਦੇ ਅਧੁਨਿਕ ਯੁੱਗ ਵਿਚ। ਸੰਨ 1962 ਦੀ ਚੀਨ ਨਾਲ ਹੋਈ ਜੰਗ ਵਿਚ ਸਿੱਖ ਜੂਨੀਅਰ ਕਮਾਂਡਰ ਜੋਗਿੰਦਰ ਸਿੰਘ ਮਾਹਲਾ ਨਾਇਕ ਬਣਕੇ ਉੱਭਰਿਆ। ਸੰਨ 1965 ਦੀ ਪਾਕਿਸਤਾਨ ਨਾਲ ਹੋਈ ਜੰਗ ਵਿਚ ਏਅਰ ਮਾਰਸ਼ਲ ਅਰਜਨ ਸਿੰਘ ਨਾਇਕ ਬਣੇ। ਸੰਨ 1971 ਦੀ ਜੰਗ ਵਿਚ ਲੈਫਟੀਨੈਂਟ ਜਨਰਲ ਸ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਨਰਲ ਸੁਬੇਗ ਸਿੰਘ ਨਾਇਕ ਬਣੇ ,ਜਿਨ੍ਹਾ ਨੇ ਪੂਰਬੀ ਪਾਕਿਸਤਾਨ( ਬੰਗਲਾ ਦੇਸ਼) ਵਿਚ ਜਨਰਲ ਨਿਆਜ਼ੀ ਦੀ ਅਗਵਾਈ ਵਾਲੀ 1ਲੱਖ ਫੌਜ ਤੋਂ ਸਲੰਡਰ ਕਰਵਾਇਆ ਅਤੇ ਸਾਰਿਆਂ ਨੂੰ ਕੈਦੀ ਬਣਾ ਲਿਆ। ਇਹ ਇਤਿਹਾਸ ਦੀ ਪਹਿਲਾਂ ਘਟਨਾ ਸੀ। ਪਰ ਇਸਦੇ ਬਦਲ ਵਿਚ ਕਿ ਇਨ੍ਹਾ ਦੋਹਾਂ ਜਰਨੈਲਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ,ਸੇਵਾ ਮੁਕਤ ਕਰ ਦਿੱਤਾ ਗਿਆ। ਜਿਸਦੇ ਰੋਸ ਵਜੋ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿਚ ਆਏ ਅਤੇ ਉਨ੍ਹਾ ਨੇ ਆਪਣੀ ਬਹਾਦਰੀ ਦਾ ਲੋਹਾ ਦਰਬਾਰ ਸਾਹਿਬ ਤੇ ਅਟੈਕ ਸਮੇਂ ਵੀ ਮਨਵਾਇਆ ਅਤੇ ਉਨ੍ਹਾ ਦੀ ਕਮਾਂਡ ਹੇਠ ਮੁੱਠੀ ਭਰ ਸਿੱਖਾਂ ਵੱਲੋਂ ਹਜ਼ਾਰਾਂ ਦੀ ਤਾਦਾਦ ਵਿਚ ਭਾਰਤੀ ਫੌਜ ਦਾ ਡਟਕੇ ਮੁਕਾਬਲਾ ਹੋਇਆ ਅਤੇ ਭਾਰਤੀ ਫੌਜ ਦੇ ਪੈਰ ਉੱਖੜ ਗਏ। ਹੁਣ ਸੰਨ 1999 ਵਿਚ ਕਾਰਗਿਲ ਦੀ ਜੰਗ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਸਿੱਖ ਜਰਨੈਲ ਬ੍ਰਿਗੇਡੀਅਰ ਦਵਿੰਦਰ ਸਿੰਘ ਨਾਲ 15 ਕੋਰ ਦੇ ਇਕ ਹਿੰਦੂ ਅਫਸਰ ਲੈਫਟੀਨੈਂਟ ਜਨਰਲ ਕ੍ਰਿਸ਼ਨ ਪਾਲ ਨੇ ਖਾਰ ਖਾਕੇ ਉਸਦੀ ਤਰੱਕੀ ਹੀ ਨਹੀਂ ਰੁਕਵਾਈ ਸਗੋਂ ਉਸਦੀ ਅਗਵਾਈ ਵਿਚ ਜਿੱਤੀ ਜੰਗ ਦੇ ਬਿਰਤਾਂਤ ਨੂੰ ਹੀ ਬਦਲ ਦਿੱਤਾ ਅਤੇ ਉਲਟਾ ਉਸਨੂੰ ਦੋਸ਼ੀ ਠਹਿਰਾ ਦਿੱਤਾ। ਬ੍ਰਿਗੇਡੀਅਰ ਦਵਿੰਦਰ ਸਿੰਘ ਨੇ ਕਾਰਗਿਲ ਦੀ ਜੰਗ ਵਿਚ ਬਟਾਲਿਕ ਸੈਕਟਰ ਵਿਚ 70 ਇਨਫੈਂਟਰੀ ਬ੍ਰਿਗੇਡ ਦੀ ਅਗਵਾਈ ਕੀਤੀ ਸੀ। ਹਿੰਦੂ ਅਫਸਰ ਦੀ ਮਾੜੀ ਕਰਤੂਤ ਨਾਲ ਦਵਿੰਦਰ ਸਿੰਘ ਦਾ ਜੰਗੀ ਮੈਡਲ ਵੀ ਖੁੱਸਿਆ। ਭਾਵੇਂ 10-11 ਸਾਲ ਬਾਅਦ ਟ੍ਰਿਬਿਊਨਲ ਨੇ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਨਿਆਂ ਦੇ ਦਿੱਤਾ ਹੈ ਅਤੇ ਉਨ੍ਹਾ ਦੀ ਜਿੱਤ ਹੋਈ ਹੈ। ਪਰ ਇੱਥੇ ਮਸਲਾ ਉੱਠਦਾ ਹੈ ਸਿੱਖਾਂ ਨਾਲ ਹੋ ਰਹੇ ਹਰ ਥਾਂ ਵਿਤਕਰੇ ਦਾ। ਸਿੱਖਾਂ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਦੇਸ਼ ਲਈ ਸਭ ਤੋਂ ਵੱਧ ਜਿੰਦਗੀਆਂ ਲੇਖੇ ਲਾਈਆਂ ਪਰ ਸਿੱਖਾਂ ਨਾਲ ਹਿੰਦੂਤਵ ਦਾ ਅੰਦਰੋਂ ਰਵੱਈਆ ਬੇਈਮਾਨੀ ਵਾਲਾ ਹੀ ਰਿਹਾ। ਭਾਵੇਂ ਸਿੱਖਾਂ ਨੇ ਭਾਰਤ ਨੂੰ ਦੁੱਖ ਤੇ ਭੁੱਖ ਤੋਂ ਹਰ ਔਖੀ ਘੜੀ ਵਿਚ ਬਚਾਇਆ ਪਰ ਸਿੱਖਾਂ ਨੂੰ ਹਮੇਸ਼ਾਂ ਆਜ਼ਾਦ ਦੇਸ਼ ਦੇ ਗੁਲਾਮ ਵਾਸੀ ਹੀ ਸਮਝਿਆ ਜਾਂਦਾ ਰਿਹਾ ਹੈ। ਜਿਸ ਕਰਕੇ ਸਿੱਖ ਦੀ ਬਹਾਦਰੀ ਦਾ ਮੁੱਲ ਦੇਣ ਲੱਗਿਆਂ ਤਾਂ ਕਲਮ ਕੰਬ ਜਾਂਦੀ ਹੈ ਪਰ ਸਿੱਖ ਨੂੰ  ਮੌਤ ਦੀ ਸਜ਼ਾ ਦੇਣ ਲੱਗਿਆਂ ਹਾਕਮਾਂ ਦੀ ਕਲਮ ਕਦੇ ਨਹੀਂ ਕੰਬੀ। ਸਿੱਖਾਂ ਦਾ ਦਿੱਲੀ ਚ ਸ਼ਿਕਾਰ ਖੇਡਣ ਵਾਲੇ ਤਾਂ ਅਜੇ ਵੀ ਦੜਦੜਾਂਦੇ ਫਿਰਦੇ ਹਨ ਪਰ ਜੇਕਰ ਸਿੱਖਾਂ ਨੇ ਜ਼ਜ਼ਬਾਤ ਵਿਚ ਆਕੇ ਇੰਦਰਾਂ ਗਾਂਧੀ ਦਾ ਕਤਲ ਕਰ ਦਿੱਤਾ ਜਾਂ ਦਰਬਾਰ ਸਾਹਿਬ ਤੇ ਅਟੈਕ ਦੀ ਕਮਾਂਡ ਕਰਨ ਵਾਲਾ ਜਨਰਲ ਵੈਦਿਆ ਮਾਰ ਦਿੱਤਾ ਤਾਂ ਸਿੱਖਾਂ ਨੂੰ ਫਾਂਸੀ ਦੇਣ ਲੱਗਿਆਂ ਦੇਰ ਨਹੀਂ ਲਾਈ। ਮੈਂ ਆਪਣੀ ਜ਼ਿੰਦਗੀ ਵਿਚ ਸਿਰਫ ਕੈਪਟਨ ਚੋਪੜਾ ਦੇ ਬੱਚੇ ਅਗਵਾ ਕਰਕੇ ਮਾਰਨ ਵਾਲੇ ਰੰਗਾ ਤੇ ਬਿੱਲਾ ਨਾ ਦੇ ਬਦਮਾਸ਼ਾਂ ਨੂੰ ਫਾਂਸੀ ਦਿੱਤੀ ਗਈ ਵੇਖੀ ਸੀ ਜਿਨ੍ਹਾ ਨੂੰ ਵੀ ਫਰੀਦਕੋਟ ਜਿਲ੍ਹੇ ਦੇ ਇਕ ਫੌਜੀ ਨੇ ਰੇਲ ਚ ਸਫਰ ਕਰਦਿਆਂ ਆਪਸੀ ਤੂੰ ਤੂੰ ਮੈਂ ਮਂ ਹੋਣ ਤੇ ਘਸੁੰਨਾ ਨਾਲ ਕੁੱਟ ਕੁੱਟਕੇ ਬੇਹੋਸ਼ ਕਰ ਦਿੱਤਾ ਸੀ ਤੇ ਜਦੋਂ ਪੁਲਿਸ ਨੂੰ ਦਿਖਾਏ ਤਾਂ ਕਹਿੰਦੇ ਇਹ ਤਾਂ ਰੰਗਾ ਬਿੱਲਾ ਬਦਮਾਸ਼ ਐ ਜਿਨ੍ਹਾ ਨੂੰ ਸਾਰੇ ਇੰਡੀਆ ਦੀ ਪੁਲਿਸ ਲੱਭਦੀ ਫਿਰ ਰਹੀ ਹੈ ਤਾਂ ਸਿੱਖ ਫੌਜੀ ਨੇ ਹੱਸਕੇ ਕਿਹਾ ਸੀ ਆਹ ਪਏ ਤੁਹਾਡੇ ਵੱਡੇ ਬਦਮਾਸ਼ ਇਕੱਲੇ ਨੇ ਈ ਖੜਕਾਏ ਐ।

ਇਹ ਹੈ ਸਿੱਖਾਂ ਦੀਆਂ ਬਹਾਦਰੀਆਂ। ਉਸਤੋਂ ਬਾਅਦ ਜੇ ਫਾਂਸੀ ਹੋਈ ਤਾਂ ਸਿੱਖਾਂ ਨੂੰ ਹੋਈ ਹੋਰ ਕਿਸੇ ਨੂੰ ਨਹੀਂ। ਗੱਲ ਚੱਲ ਰਹੀ ਸੀ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਮਿਲੇ ਨਿਆਂ ਦੀ। ਜਿਸ ਵਿਚ ਜਸਟਿਸ ਏ ਕੇ ਮਾਥੁਰ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਬ੍ਰਿਗੇਡੀਅਰ ਸਾਹਿਬ ਨੂੰ ਮੇਜਰ ਜਨਰਲ ਦਾ ਰੈਂਕ ਦੇਣ ਅਤੇ ਜੰਗ ਨਾਲ ਸੰਬੰਧਤ ਗਲਤ ਪੇਸ਼ ਕੀਤੇ ਰੀਕਾਰਡ ਨੂੰ ਦਰੁਸਤ ਕਰਨ ਲਈ ਕਿਹਾ ਹੈ ਪਰ ਹਾਲੇ ਵੀ ਉਸ ਸਮੇਂ ਦਾ ਫੌਜੀ ਮੁਖੀ ਜਨਰਲ ਵੀ ਪੀ ਮਲਿਕ  ਇਹ ਗੱਲ ਕਹਿੰਦਾ ਹੈ ਕਿ ਬ੍ਰਿਗੇਡੀਅਰ ਦਾ ਕੇਸ ਅਪਵਾਦ ਹੈ ਅਤੇ ਇਹ ਕਹਿਣਾ ਗਲਤ ਹੈ ਕਿ ਕਾਰਗਿਲ ਜੰਗ ਦਾ ਇਤਿਹਾਸ ਮੁੜ ਤੋਂ ਲਿਖਿਆ ਜਾਵੇ। ਗੱਲ ਇੱਥੇ ਮੁੱਕਦੀ ਹੈ ਕਿ ਨਾ ਤਾਂ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦੀ ਕਦਰ ਪਈ ਅਤੇ ਨਾ ਸਾਡੀਆਂ ਦੀ।

– ਗੁਰਭੇਜ ਸਿੰਘ ਚੌਹਾਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: