ਲਾਹੌਰ: ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਚਿਰਾਂ ਦੀ ਸੱਧਰ ਪੂਰੀ ਹੋਣ ਹਾ ਰਹੀ ਹੈ। ਭਲਕੇ ਲਹਿੰਦੇ ਅਤੇ ਚ੍ਹੜਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕ੍ਰਮਵਾਰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਵਲੋਂ ਕੀਤੀ ਜਾਵੇਗੀ। ਇਹ ਲਾਂਘਾ ਚੜ੍ਹਦੇ ਪੰਜਾਬ ਸਥਿਤ ਡੇਹਰਾ ਬਾਬਾ ਨਾਨਕ ਅਤੇ ਲਹਿੰਦੇ ਪੰਜਾਬ ਸਥਿਤ ਕਰਤਾਰਪੁਰ ਸਾਹਿਬ ਦਰਮਿਆਨ ਰਾਹਦਾਰੀ ਕਾਇਮ ਕਰੇਗਾ ਜਿਸ ਰਾਹੀਂ ਚੜ੍ਹਦੇ ਪੰਜਾਬ ਵਾਲੇ ਪਾਸਿਓ ਆ ਕੇ ਹਰ ਰੋਜ਼ ਪੰਜ ਹਜ਼ਾਰ ਸਿੱਖ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰ ਸਕਣਗੇ।
ਦੁਨੀਆ ਭਰ ਤੋਂ ਸਿੱਖ ਪਾਕਿਸਤਾਨ ਪੁੱਜਣੇ ਸ਼ੁਰੂ: ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਦੇ ਇਤਿਹਾਸਕ ਮੌਕੇ ਉੱਤੇ ਹਾਜ਼ਰ ਹੋਣ ਲਈ ਦੁਨੀਆ ਭਰ ਤੋਂ ਸਿੱਖ ਪਾਕਿਸਤਾਨ ਵਿਚ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਸਮੇਤ ਯੂਰਪੀ ਮੁਲਕਾਂ ਤੋਂ ਸਿੱਖ ਕਰਤਾਰਪੁਰ ਸਾਹਿਬ ਲਈ ਪਾਕਿਸਤਾਨ ਆ ਰਹੇ ਹਨ। ਇਸੇ ਤਰ੍ਹਾਂ ਚੜ੍ਹਦੇ ਪੰਜਾਬ ਅਤੇ ਭਾਰਤੀ ਉਪਮਹਾਂਦੀਪ ਤੋਂ ਵੀ ਸਿੱਖ ਪਾਕਿਸਤਾਨ ਵਿਚ ਪਹੁੰਚੇ ਹੋਏ ਹਨ।
ਕਰਤਾਰਪੁਰ ਸਾਹਿਬ ਵਿਖੇ ਉਦਘਾਟਨ ਇਮਰਾਨ ਖਾਨ ਵੱਲੋਂ ਭਲਕੇ: ਲਹਿੰਦੇ ਪੰਜਾਬ ਵਾਲੇ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਲਕੇ (9 ਨਵੰਬਰ) ਕੀਤਾ ਜਾਵੇਗਾ।
ਭਲਕੇ ਹੀ ਚੜ੍ਹਦੇ ਪੰਜਾਬ ਵੱਲ ਡੇਹਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਉਦਘਾਟਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾਣਾ ਹੈ।
ਇਕ ਸਾਲ ਵਿਚ ਲਾਂਘੇ ਦੀ ਕਾਰਵਾਈ ਸਿਰੇ ਚੜ੍ਹੀ: ਕਰਤਾਰਪੁਰ ਸਾਹਿਬ ਲਾਂਘੇ ਦੀ ਰਸਮੀ ਸ਼ੁਰੂਆਤ ਲੰਘੇ ਸਾਲ ਨਵੰਬਰ ਦੇ ਮਹੀਨੇ ਵਿਚ ਹੋਈ ਸੀ ਜਦੋਂ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਲੋਂ ਲਾਂਘੇ ਦੀ ਉਸਾਰੀ ਲਈ ਨੀਂਹਪੱਥਰ ਕ੍ਰਮਵਾਰ 26 ਨਵੰਬਰ ਅਤੇ 28 ਨਵੰਬਰ ਨੂੰ ਰੱਖਿਆ ਗਿਆ ਸੀ।
ਜੰਗੀ ਪੱਧਰ ‘ਤੇ ਉਸਾਰੀ ਹੋਈ: ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਵੱਡੀ ਪੱਧਰ ਉੱਤੇ ਇਮਾਰਤਸਾਜੀ ਕੀਤੀ ਗਈ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜਲੇ 10 ਏਕੜ ਵਿਚ ਗੁਰਦੁਆਰਾ ਸਾਹਿਬ ਦਾ ਚੌਗਿਰਦਾ ਬਣਾਇਆ ਗਿਆ ਹੈ, ਜਿਸ ਵਿਚ ਸੰਗਮਰਮਰ ਲਾਇਆ ਗਿਆ ਹੈ। ਇਹ ਚੌਗਿਰਦੇ ਦੇ ਦੁਆਲੇ ਪ੍ਰਕਰਮਾ, ਦਰਸ਼ਨੀ ਡਿਓੜੀਆਂ ਅਤੇ ਅਜਾਇਬਘਰ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਇਸ ਅਸਥਾਨ ਉੱਤੇ ਸਰੋਵਰ ਅਤੇ ਲੰਗਰ ਦੀ ਇਮਾਰਤ ਵੀ ਉਸਾਰੀ ਗਈ ਹੈ।
ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਰਾਹ ‘ਤੇ ਵੱਡੀਆਂ ਸੜਕਾਂ ਅਤੇ ਰਾਵੀ ਦਰਿਆ ਉੱਤੇ ਪੁਲ ਵੀ ਬਣਾਇਆ ਗਿਆ ਹੈ ਅਤੇ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਦੇ ਕਾਗਜ਼ਾਤ ਦੀ ਪਰਖ ਵਗੈਰਾ ਲਈ ਦਫਤਰ ਆਦਿ ਵੀ ਬਣਾਏ ਗਏ ਹਨ।
ਚੜ੍ਹਦੇ ਪੰਜਾਬ ਵਾਲੇ ਪਾਸੇ ਹੋਈ ਉਸਾਰੀ ਵਿਚ ਕਰਤਾਰਪੁਰ ਸਾਹਿਬ ਲਾਂਘੇ ਤੱਕ ਜਾਣ ਲਈ ਬਣਾਈਆਂ ਗਈਆਂ ਸੜਕਾਂ ਅਤੇ ਭਾਰਤ ਸਰਕਾਰ ਵਲੋਂ ਸ਼ਰਧਾਲੂਆਂ ਦੇ ਕਾਗਜ਼ਾਤ ਦੀ ਪਰਖ ਵਗੈਰਾ ਲਈ ਬਣਾਏ ਗਏ ਦਫਤਰ ਆਦਿ ਸ਼ਾਮਿਲ ਹਨ।
ਕਰਤਾਰਪੁਰ ਸਾਹਿਬ ਵਿਖੇ ਚੌਵੀ ਘੰਟੇ ਚਲੱਦਾ ਸੀ ਉਸਾਰੀ ਦਾ ਕੰਮ: ਲਹਿੰਦੇ ਪੰਜਾਬ ਵਿਚ ਕਰਤਾਰਪੁਰ ਸਾਹਿਬ ਵਿਖੇ ਹੋਈ ਉਸਾਰੀ ਦਾ ਕੰਮ 24 ਘੰਟੇ ਚਲੱਦਾ ਸੀ। ਇਸ ਕੰਮ ਵਿਚ 3000 ਤੋਂ ਵੱਧ ਮਿਸਤਰੀ ਤੇ ਮਜਦੂਰ ਕੰਮ ਕਰ ਰਹੇ ਸਨ ਅਤੇ ਹਜ਼ਾਰ-ਹਜ਼ਾਰ ਦੀ ਵਾਰੀ ਨਾਲ ਦਿਨ ਵਿਚ 3 ਵਾਰ ਅੱਠ-ਅੱਠ ਘੰਟੇ ਲਈ ਕੰਮ ਹੁੰਦਾ ਸੀ। ਭਾਵ ਕਿ 24 ਘੰਟੇ ਹੀ ਉਸਾਰੀ ਦਾ ਕੰਮ ਚੱਲਦਾ ਸੀ।
ਸੰਗਤਾਂ ਵਿਚ ਖੁਸ਼ੀ: ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਹੋਣ ਜਾ ਰਹੀ ਸ਼ੁਰੂਆਤ ਨੂੰ ਲੈ ਕੇ ਸ਼ਰਧਾਵਾਨ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ।