ਕੈਨੇਡਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਈਸਟ ਕੈਨੇਡਾ), ਕਸ਼ਮੀਰ ਡਾਇਸਪੋਰਾ ਅਲਾਇੰਸ ਵਲੋਂ ਇਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਸਿੱਖ ਅਤੇ ਕਸ਼ਮੀਰੀ ਹਮਦਰਦਾਂ ਵਲੋਂ ਐਤਵਾਰ 7 ਅਗਸਤ 2016 ਨੂੰ ਭਾਰਤੀ ਅਜ਼ਾਦੀ ਜਸ਼ਨਾਂ ਦੇ ਨੂੰ ਕਾਲਾ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸਿੱਖਾਂ ਅਤੇ ਕਸ਼ਮੀਰੀਆਂ ਨੇ ਦਹਾਕਿਆਂ ਤੋਂ ਭਾਰਤੀ ਸੁਰੱਖਿਆ ਬਲਾਂ ਹੱਥੋਂ ਆਪਣੇ ਲੋਕ ਮਰਵਾ ਕੇ ਭਾਰੀ ਦੁਖ ਸਹੇ ਹਨ। ਇਸ ਲਈ ਕੋਈ ਕਾਰਨ ਨਹੀਂ ਕਿ ਉਹ ਭਾਰਤੀ ਅਜ਼ਾਦੀ ਜਸ਼ਨਾਂ ਵਿਚ ਹਿੱਸਾ ਲੈਣ ਜਾਂ ਇਸ ਦਿਨ ਨੂੰ ਮਨਾਉਣ।
ਅਜ਼ਾਦੀ ਪਸੰਦ ਆਗੂ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ 50 ਤੋਂ ਵੱਧ ਮੁਸਲਮਾਨਾਂ ਦੇ ਕਤਲ ਅਤੇ 17 ਦਿਨਾਂ ਦੇ ਕਰਫਿਊ ਤੋਂ ਬਾਅਦ ਉਥੇ ਲੋਕ ਬਿਨਾਂ ਦਵਾਈ, ਮੁਢਲੀਆਂ ਸਹੂਲਤਾਂ ਦੇ ਜੀਣ ਲਈ ਮਜਬੂਰ ਹਨ।
ਕਸ਼ਮੀਰ ਡਾਇਸਪੋਰਾ ਅਲਾਇੰਸ ਦੇ ਚੇਅਰਮੈਨ ਹਬੀਬ ਯੂਸੁਫਜ਼ਈ ਨੇ ਕਿਹਾ ਕਿ ਅਸਫਪਾ ਭਾਰਤੀ ਸੈਨਾ ਨੂੰ ਇਹ “ਲਾਇਸੈਂਸ” ਦਿੰਦਾ ਹੈ ਕਿ ਉਹ ਮਕਬੂਜ਼ਾ ਕਸ਼ਮੀਰ ਅਤੇ ਪੰਜਾਬ (ਖਾਲਿਸਤਾਨ) ਵਿਚ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਸਕਣ।
ਪੰਜਾਬ ਦੇ ਸਿੱਖ ਪਿਛਲੇ 6 ਦਹਾਕਿਆਂ ਤੋਂ ਦਬਾਏ ਜਾ ਰਹੇ ਹਨ, ਉਨ੍ਹਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ‘ਤੇ ਹਮਲਾ ਵੀ ਕੀਤਾ ਗਿਆ, ਅਤੇ ਨਵੰਬਰ 1984 ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਵੀ ਹੋਇਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਈਸਟ ਕੈਨੇਡਾ) ਦੇ ਸੁਖਮਿੰਦਰ ਸਿੰਘ ਹੰਸਰਾ ਵਲੋਂ ਇਹ ਦੱਸਿਆ ਗਿਆ ਕਿ 15 ਅਗਸਤ ਨੂੰ ਕਾਲਾ ਦਿਨ ਮਨਾਉਣ ਸਬੰਧੀ ਕਸ਼ਮੀਰੀ ਅਤੇ ਸਿੱਖਾਂ ਵਲੋਂ ਸ਼ਾਂਤੀਪੁਰਣ ਰੋਸ ਮੁਜਾਹਰਾ ਕੀਤਾ ਜਾਵੇਗਾ। ਇਹ ਰੋਸ ਮੁਜਾਹਰਾ ਟੋਰੰਟੋ ਦੇ ਯੰਗ ਐਂਡ ਡੰਡਸ ਸਕੁਐਰ ਵਿਖੇ 7 ਅਗਸਤ 2016 ਨੂੰ ਸਵੇਰੇ 10 ਤੋਂ 1 ਵਜੇ ਦੁਪਹਿਰ ਤਕ ਹੋਵੇਗਾ।