ਅੰਮ੍ਰਿਤਸਰ: ਬੀਤੇ ਦਿਨੀਂ ਰਿਲੀਜ਼ ਹੋਈ ਹਿੰਦੀ ਫਿਲਮ ‘ਮਨਮਰਜ਼ੀਆਂ’ ਜੋ ਵਾਦ-ਵਿਵਾਦ ਦਾ ਵਿਸ਼ਾ ਬਣ ਚੁੱਕੀ ਹੈ ਖਿਲਾਫ ਦਿੱਲੀ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਨੇ ਸਿਨੇਮਾਂ ਘਰਾਂ ’ਚ ਫਿਲਮ ਦੀ ਸਕਰੀਨਿੰਗ ਬੰਦ ਕਰਵਾਉਣ ਲਈ ਵਿਰੋਧ ਜਤਾਇਆ ਹੈ।
ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਹਿੰਮਤੇ ਖ਼ਾਲਸਾ ਦੇ ਆਗੂ ਭਾਈ ਪੰਜਾਬ ਸਿੰਘ ਸੁਲਤਾਨਵਿੰਡ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਸੈਂਸਰ ਬੋਰਡ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ‘ਮਨਮਰਜ਼ੀਆਂ’ ਫਿਲਮ ‘ਚ ਸਿੱਖੀ ਕਿਰਦਾਰ ਨੂੰ ਭਾਰੀ ਸੱਟ ਵੱਜੀ ਹੈ।
ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤਾਂ ਦੇ ਜਥੇਦਾਰ ਇਹ ਬਿਆਨ ਦਿੰਦੇ ਆ ਰਹੇ ਹਨ ਕਿ ਉਹ ਜਲਦ ਹੀ ਭਾਰਤੀ ਸੈਂਸਰ ਬੋਰਡ ’ਚ ਆਪਣੇ ਦੋ ਸਿੱਖ ਨੁਮਾਇੰਦੇ ਸ਼ਾਮਲ ਕਰਵਾਉਣਗੇ ਅਤੇ ਵੱਖਰਾ ਸਿੱਖ ਸੈਂਸਰ ਬੋਰਡ ਵੀ ਬਣਾਉਣਗੇ ਪਰ ਇਸ ਨੂੰ ਹਾਲੇ ਤਕ ਅਮਲੀ ਰੂਪ ਨਹੀਂ ਦਿੱਤਾ ਗਿਆ, ਕੇਵਲ ਭਖਦੇ ਮਸਲੇ ’ਚ ਬਿਆਨ ਦੇ ਕੇ ਸਾਰ ਦਿੱਤਾ ਜਾਂਦਾ ਹੈ ਤੇ ਜੋ ਓਥੋਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਚ ਵੀ ਜੋ ਸਿੱਖੀ ਸਿਧਾਂਤਾਂ ਅਤੇ ਸਿੱਖ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਆਈਆਂ ਸਨ, ਉਸ ਪ੍ਰਤੀ ਸ਼੍ਰੋਮਣੀ ਕਮੇਟੀ ਨੇ ਕੋਈ ਸਖ਼ਤ ਸਟੈਂਡ ਨਹੀਂ ਸੀ ਲਿਆ, ਜੇ ਓਦੋਂ ਹੀ ਬਣਦੀ ਕਾਰਵਾਈ ਪਾਈ ਹੁੰਦੀ ਤਾਂ ਅੱਜ ਕਿਸੇ ਨਿਰਦੇਸ਼ਕ ਜਾਂ ਨਿਰਮਾਤਾ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਸਿੱਖੀ ਮਰਿਯਾਦਾ ਨੂੰ ਤਾਰ-ਤਾਰ ਕਰੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਿੰਦੂਤਵ ਸਾਜਿਸ਼ ਤਹਿਤ ਅਜਿਹੀਆਂ ਫਿਲਮਾਂ ਨੂੰ ਪੇਸ਼ ਕਰਕੇ ਸਿੱਖ ਹਿਰਦਿਆਂ ਨੂੰ ਭਾਰੀ ਸੱਟ ਮਾਰ ਰਿਹਾ ਹੈ, ਭਾਰਤ ’ਚ ਸਿੱਖਾਂ ਨੂੰ ਹਰ ਆਏ ਦਿਨ ਰੱਜ ਕੇ ਜਲੀਲ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਦੇ ਹਾਕਮਾਂ ਨੂੰ ਸਿੱਖਾਂ ਦੀਆਂ ਕਦਰਾਂ-ਕੀਮਤਾਂ, ਮਾਨਸਿਕਤਾ, ਭਾਵਨਾਵਾਂ, ਸਿਧਾਂਤਾਂ, ਮਰਿਯਾਦਾ ਅਤੇ ਫਲਸਫ਼ੇ ਦੀ ਕੋਈ ਪ੍ਰਵਾਹ ਨਹੀਂ।
ਉਨ੍ਹਾਂ ਤਾੜਨਾ ਕੀਤੀ ਕਿ ਮਨਮਰਜ਼ੀਆਂ ਫਿਲਮ ਨੂੰ ਤੁਰਤ ਬੰਦ ਕੀਤਾ ਜਾਵੇ, ਨਹੀਂ ਤਾਂ ਸਿੱਖ ਕੌਮ ਨੂੰ ਮਜ਼ਬੂਰਨ ਠੋਸ ਅਤੇ ਤੇਜ-ਤਰਾਰ ਸੰਘਰਸ਼ ਵਿੱਢਣ ਲਈ ਸੜਕਾਂ ’ਤੇ ਉਤਰਨਾ ਪਵੇਗਾ ਤੇ ਜੇ ਇਸ ਦੌਰਾਨ ਕੋਈ ਹਿੰਸਕ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਿਨੇਮਾਂ ਮਾਲਕ ਹੋਣਗੇ।
ਜ਼ਿਕਰਯੋਗ ਹੈ ਕਿ ਅਭਿਨੇਤਾ ਅਭਿਸ਼ੇਕ ਬਚਨ ਦੀ ਮਨਮਰਜ਼ੀਆਂ ਫਿਲਮ ’ਚ ਸਿੱਖ ਕਿਰਦਾਰ ਨੂੰ ਸਿਗਰਟ ਪੀਂਦਿਆਂ ਅਤੇ ਟੋਪੀ ਦੀ ਤਰ੍ਹਾਂ ਦਸਤਾਰ ਉਤਾਰਦਿਆਂ ਦਿਖਾਇਆ ਗਿਆ ਹੈ, ਇਸ ਬੇਅਦਬੀ ਨੂੰ ਖ਼ਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ।