ਨਵੀਂ ਦਿੱਲੀ (6 ਦਸੰਬਰ, 2015): ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਮਝੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ‘ਤੇ ਇੱਕ ਵਿਆਹ ਸਮਾਗਮ ਵਿੱਚ ਸਹਿਜ ਉਮੰਗ ਸਿੰਘ ਨਾਂਅ ਦੇ ਸਿੱਖ ਨੌਜਵਾਨ ਨੇ ਬਹਿਸ ਕਰਨ ਤੋਂ ਬਾਅਦ ਕੱਚ ਦੇ ਗਲਾਸ ਨਾਲ ਹਮਲਾ ਕਰ ਦਿੱਤਾ, ਪਰ ਇਸ ਹਮਲੇ ਦੌਰਾਨ ਉਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ।
ਜਾਣਕਾਰੀ ਮੁਤਾਬਕ ਟਾਈਟਲਰ ਸ਼ਨੀਵਰ ਰਾਤ ਨੂੰ ਇਕ ਵਿਆਹ ਸਮਾਰੋਹ ‘ਚ ਮਹਿਰੌਲੀ ਦੇ ਓਸੀਅਨ ਫਾਰਮ ਹਾਊਸ ‘ਚ ਹਿੱਸਾ ਲੈਣ ਆਇਆ ਸੀ। ਹਮਲਾ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਟਾਈਟਲਰ ਨਾਲ ਬਹਿਸ ਕੀਤੀ ਤੇ ਫੇਰ ਕੱਚ ਦੇ ਗਿਲਾਸ ਨਾਲ ਉਨਾਂ ‘ਤੇ ਹਮਲਾ ਕਰ ਦਿੱਤਾ।
ਸ਼ਹਿਜ ਉਮੰਗ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਉਹ ਜ਼ਮਾਨਤ ‘ਤੇ ਰਿਹਾਅ ਹੋ ਗਿਆ ਸੀ।
ਦੱਸਣਯੋਗ ਹੈ ਕਿ ਚਾਰ ਦਸੰਬਰ ਨੂੰ ਹੀ ਦਿੱਲੀ ਦੀ ਕਡਕਡਡੂਮਾ ਕੋਰਟ ਨੇ ਸਿੱਖ ਦੰਗਾ ਮਾਮਲੇ ‘ਚ ਸੀਬੀਆਈ ਨੂੰ ਆਪਣੀ ਜਾਂਚ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ। ਹਮਲਾ ਕਰਨ ਵਾਲੇ 23 ਸਾਲਾ ਉਮੰਗ ਸਿੰਘ ਭਾਟੀਆ ਦੇ ਪਿਤਾ ਉੱਚ ਸਰਕਾਰੀ ਅਧਿਕਾਰੀ ਹਨ ਜਦਕਿ ਉਸਦੀ ਮਾਂ ਦਿੱਲੀ ਦੇ ਹੀ ਇਕ ਗੁਰਦੁਆਰੇ ‘ਚ ਡਾਕਟਰ ਦਾ ਕੰਮ ਕਰਦੀ ਹੈ।