ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੰਮ੍ਰਿਤਸਰ ਵਿਖੇ ਪੰਜ ਪਿਆਰੇ ਸਿੰਘਾਂ ਲਈ ਦਫਤਰ ਦੇ ਉਦਘਾਟਨ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਲੁੱਟੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੇ ਵਡਮੁੱਲੇ ਖਜਾਨੇ ਨੂੰ ਵਾਪਿਸ ਹਾਸਿਲ ਕਰਨ ਲਈ ਯਤਨਸ਼ੀਲ ਹੋਣ।
ਸੰਗਤਾਂ ਦੇ ਸਨਮੁਖ ਮਤੇ ਪੜ੍ਹਦਿਆਂ ਪੰਜ ਪਿਆਰੇ ਸਿੰਘਾਂ ਨੇ ਦੁਹਰਾਇਆ ਕਿ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਭਾਰਤੀ ਫੌਜ ਅਤੇ ਕੇਂਦਰੀ ਜਾਂਚ ਬਿਊਰੋ ਵਲੋਂ ਲੁਟਿਆ ਜਾਣਾ ਕੇਂਦਰ ਸਰਕਾਰ ਦੀ ਸਿੱਖ ਮਾਰੂ ਸਾਜਿਸ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਿੱਖ ਰੈਫਰੈਂਸ ਲਾਇਬਰੇਰੀ ਦੇ ਵੱਡਮੁੱਲੇ ਖਜ਼ਾਨੇ ਨੂੰ ਹਾਸਿਲ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਤੀਕ ਪਹੁੰਚ ਬਣਾਈ ਜਾਵੇਗੀ। ਇਸ ਰੈਫਰੈਂਸ ਲਾਇਬਰੇਰੀ ਦਾ ਖਜ਼ਾਨਾ ਹਾਸਿਲ ਕਰਨਾ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਇੱਕ ਹਿੱਸਾ ਹੋਵੇਗਾ।
ਇਕ ਹੋਰ ਮਤੇ ਵਿੱਚ ਪੰਜ ਪਿਆਰੇ ਸਿੰਘਾਂ ਨੇ ਸਮੂੰਹ ਨਾਨਕ ਨਾਮ ਲੇਵਾ ਸਿੱਖਾਂ ਨੂੰ ਹੁਕਮ ਰੂਪੀ ਬੇਨਤੀ ਕੀਤੀ ਕਿ ਸ਼ੋਸ਼ਲ ਮੀਡੀਆ ’ਤੇ ਕਿਸੇ ਵੀ ਸਿੱਖ ਖਿਲਾਫ ਕੋਈ ਭੱਦੀ ਸ਼ਬਦਾਵਲੀ ਜਾਂ ਤਸਵੀਰ ਦੀ ਵਰਤੋਂ ਨਾ ਕੀਤੀ ਜਾਏ। ਉਨ੍ਹਾਂ ਕਿਹਾ ਅਜਿਹਾ ਕਰਕੇ ਅਸੀਂ ਖੁਦ ਸੰਸਾਰ ਦੇ ਲੋਕਾਂ ਮੂਹਰੇ ਆਪਣਾ ਤਮਾਸ਼ਾ ਆਪ ਪੇਸ਼ ਕਰਦੇ ਹਾਂ।
ਬਾਅਦ ਵਿੱਚ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਪੰਜ ਪਿਆਰੇ ਸਿੰਘਾਂ ਵਲੋਂ ਭਾਈ ਅਮਰੀਕ ਸਿੰਘ ਦੀ ਜਥੇਦਾਰੀ ਰੱਦ ਕਰਨ ਦਾ ਸਵਾਲ ਤਾਂ ਹੋਵੇ ਜੇ ਉਨ੍ਹਾਂ ਵਲੋਂ ਅਜਿਹੀ ਕੋਈ ਮਾਨਤਾ ਦਿੱਤੀ ਗਈ ਹੋਵੇ।
ਇਸੇ ਦੌਰਾਨ ਅਖੰਡ ਕੀਰਤਨੀ ਜਥਾ ਵਲੋਂ ਮੁਖ ਮੰੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾਉ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਆ ਭਾਈ ਬਲਬੀਰ ਸਿੰਘ ਨੂੰ ਇੱਕ ਲੱਖ ਰੁਪਏ ਭੇਟ ਕੀਤੇ ਗਏ।