ਲੰਡਨ (27 ਮਾਰਚ, 2015): ਜਦੋਂ ਤੁਸੀ ਬਰਤਾਨੀਆਂ ਦੀ ਸਰਕਾਰੀ ਵੈੱਬਸਾਈਟ ਲੰਡਨ ਡਾਟ ਗੌਵ ਡਾਟ ਯੂ. ਕੇ ਨੂੰ ਖੋਲੋਗੇ ਤਾਂ ਉੱਥੇ ਮੁੱਖ ਪੇਜ਼ ‘ਤੇ ਖਾਲਸਾਈ ਖੰਡੇ ਦੀ ਤਸਵੀਰ ਵੇਖ ਕੇ ਹੈਰਾਨ ਨਾ ਹੋਣਾਂ, ਇਹ ਕੇਸਰੀ ਰੰਗੇ ਖੰਡੇ ਦੀ ਤਸਵੀਰ ਸਰਕਾਰ ਵੱਲੋਂ ਸਿੱਖਾਂ ਅਤੇ ਸਿੱਖ ਧਰਮ ਨੂੰ ਸਨਮਾਣ ਦੇਣ ਲਈ ਆਪ ਲਾਈ ਹੈ।
ਜਦ ਵੀ ਕੋਈ ਯੂ. ਕੇ. ਦੀ ਸਰਕਾਰੀ ਵੈੱਬਸਾਈਟ ਲੰਡਨ ਡਾਟ ਗੌਵ ਡਾਟ ਯੂ. ਕੇ. ਤੋਂ ਜਦੋਂ ਲੰਡਨ ਆਫ ਮੇਅਰ, ਲੰਡਨ ਅਥਾਰਟੀ, ਲੰਡਨ ਅਸੈਂਬਲੀ ਦੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਖ਼ਾਲਸੇ ਦੀ ਪਹਿਚਾਣ ਪੇਸ਼ ਕਰਦਾ ਕੇਸਰੀ ਰੰਗ ਦਾ ਖੰਡਾ ਵਿਖਾਈ ਦਿੰਦਾ ਹੈ ।
ਭਾਵੇਂ ਕਿ ਇਹ ਨਿਸ਼ਾਨ ਸਰਕਾਰੀ ਤੌਰ ‘ਤੇ ਲੰਡਨ ਦੇ ਸਿਟੀ ਸੈਂਟਰ ਵਿਚ ਲੰਡਨ ਮੇਅਰ ਵੱਲੋਂ ਸਿੱਖਾਂ ਦੇ ਸਹਿਯੋਗ ਨਾਲ ਮਨਾਏ ਜਾਣ ਵਾਲੇ ਵਿਸਾਖੀ ਸਮਾਗਮ ਸਬੰਧੀ ਹੈ, ਪ੍ਰੰਤੂ ਯੂ. ਕੇ. ਦੀ ਸਰਕਾਰੀ ਵੈੱਬਸਾਈਟ ‘ਤੇ ਸਿੱਖਾਂ ਨੂੰ ਏਨੀ ਅਹਿਮੀਅਤ ਦੇਣੀ ਆਪਣੇ-ਆਪ ਵਿਚ ਮਾਣ ਵਾਲੀ ਗੱਲ ਹੈ ।
ਲੰਡਨ ਦੇ ਸਿਟੀ ਹਾਲ ਵਿਚ 11 ਅਪ੍ਰੈਲ ਨੂੰ ਵਿਸਾਖੀ ਮਨਾਈ ਜਾ ਰਹੀ ਹੈ, ਜਿਸ ਵਿਚ ਗੁਰਦੁਆਰਾ ਲੰਡਨ ਈਸਟ ਅਤੇ ਸਿੱਖ ਸੰਗਠਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ । ਸਿੱਖ ਭਾਈਚਾਰੇ ਦੀਆਂ ਨਜ਼ਰਾਂ ਹੁਣ ਲੰਡਨ ਮੇਅਰ ‘ਤੇ ਹਨ ਅਤੇ ਕੁਝ ਸਿੱਖਾਂ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਲੰਡਨ ਦੀ ਵਿਸਾਖੀ ਵਿਚ ਲੰਡਨ ਮੇਅਰ ਬੌਰਿਸ ਜੌਹਨਸਨ ਸਿਰ ‘ਤੇ ਦਸਤਾਰ ਸਜਾ ਕੇ ਆਉਣਗੇ ।