ਲੰਡਨ ( 22 ਜੁਲਾਈ ,2015): ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਐਤਵਾਰ 19 ਜੁਲਾਈ ਨੂੰ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ।
ਇਸ ਮੌਕੇ ਤੇ ਸ: ਅਮਰਜੀਤ ਸਿੰਘ ਖਾਲੜਾ, ਜਥੇਦਾਰ ਮਹਿੰਦਰ ਸਿੰਘ ਖੈਰਾ, ਡਾ: ਸਰੂਪ ਸਿੰਘ ਅਲੱਗ, ਸ: ਚਰਨਜੀਤ ਸਿੰਘ ਸੁੱਜੋਂ, ਸ: ਗੁਰਚਰਨ ਸਿੰਘ ਗੁਰਾਇਆ (ਜਰਮਨੀ), ਸ: ਅਵਤਾਰ ਸਿੰਘ ਵਾਲਸਾਲ, ਸ: ਮਹਿੰਦਰ ਸਿੰਘ ਜਵੰਦਾ ਕਨੇਡਾ, ਸ: ਲਵਛਿੰਦਰ ਸਿੰਘ ਡੱਲੇਵਾਲ, ਸ: ਅਮਰੀਕ ਸਿੰਘ ਧੌਲ ਅਤੇ ਬੀਬੀ ਰੁਪਿੰਦਰਜੀਤ ਕੌਰ (ਮੁਖੀ ਮਾਤਾ ਭਾਗ ਕੌਰ ਸੁਸਾਇਟੀ) ਨੇ ਸਟੇਜ ਤੋਂ ਸੰਗਤਾਂ ਨੂੰ ਮੁਖਾਤਬ ਕੀਤਾ ਅਤੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਦੀ ਇਤਹਾਸਕ ਸਾਹਿਤਕ ਦੇਣ ਦਾ ਪੁਰਜ਼ੋਰ ਸ਼ਬਦਾਂ ਵਿਚ ਸਵਾਗਤ ਕੀਤਾ।
ਚੇਤੇ ਰਹੇ ਕਿ ਇਸ ਪੁਸਤਕ ਵਿਚ ਸ: ਅਜਮੇਰ ਸਿੰਘ ਨੇ ਚੁਰਾਸੀ ਦੇ ਦੌਰ ਵਿਚ ਜਿਥੇ ਭਾਰਤ ਦੇ ਖਬੇ ਪੱਖੀਆਂ ਵਲੋਂ ਸਰਕਾਰੀ ਸੱਜਾ ਹੱਥ ਬਣ ਕੇ ਸਿੱਖ ਵਿਦਰੋਹੀਆਂ ਖਿਲਾਫ ਭੁਗਤਣ ਨੂੰ ਆਢੇ ਹੱਥੀਂ ਲਿਆ ਹੈ ਉਥੇ ਉਸ ਨੇ ਪੰਜਾਬੀ ਸਾਹਿਤ ਦੇ ਉਹਨਾਂ ਵੱਡੇ ਵੱਡੇ ਨਾਵਾਂ ਦੀ ਉਲਾਰ, ਅਤੇ ਸਰਕਾਰੀ ਮਾਨਸਿਕਤਾ ਦਾ ਜ਼ਿਕਰ ਵੀ ਕੀਤਾ ਹੈ ਜਿਹਨਾਂ ਦੇ ਨਾਮ ਪੰਜਾਬੀ ਸਾਹਿਤ ਦੇ ਧੁਨੰਤਰ ਹੋਣ ਦਾ ਭੁਲੇਖਾ ਪਾਉਂਦੇ ਹਨ।
ਸ: ਅਜਮੇਰ ਸਿੰਘ ਨੇ ਇਸ ਗੱਲ ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੱਛਮੀ ਸਭਿਆਚਾਰਕ ਸਮਾਜਾਂ (Civic Societies)) ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ‘ਤੇ ਅਧਾਰਤ ਭਾਰਤੀ ਬਹੁਗਿਣਤੀ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (genocide) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ।
ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਟਰੱਸਟੀ ਅਤੇ ਪੰਥਕ ਆਗੂ ਸ: ਜੋਗਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਯੂ ਕੇ ਦੇ ਲੇਖਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ: ਅਜਮੇਰ ਸਿੰਘ ਦੀ ਕਿਤਾਬ ‘ਤੇ ਅਧਾਰਤ ਸਿੱਖ ਕੇਸ ਦੇ ਬਣ ਰਹੇ ਉਸ ਅਧਾਰ ਨੂੰ ਪਛਾਣਿਆਂ ਹੈ ਜਿਸ ਤੋਂ ਕਿ ਦੁਨੀਆਂ ਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਨੂੰ ਪਰਨਾਇਆ ਵਿਅਕਤੀ ਇਨਕਾਰ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਭਾਰਤ ਵਿਚ ਜਾਤ ਪਾਤ,ਕਾਣੀ ਵੰਡ, ਫਿਰਕੂ ਅਤੇ ਅਣਮਨੁੱਖੀ ਮੁੱਲਾਂ ਦੀ ਪਾਲਤੂ ਹਾਕਮ ਜਮਾਤ ਦੀ ਗੁਲਾਮੀ ਚੋਂ ਨਿਕਲਣਾਂ ਹਰ ਘੱਟ ਗਿਣਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਵਿਚ ਪਹਿਲ ਕਦਮੀ ਸਿੱਖਾਂ ਨੂੰ ਹੀ ਕਰਨੀ ਪੈਣੀ ਹੈ।