ਸਰੀ (17 ਅਗਸਤ, 2015): ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ. ਅਜਮੇਰ ਸਿੰਘ ਵੱਲੋਂ ਲੰਘੇ ਸਿੱਖ ਸੰਘਰਸ਼ ਨਾਲ ਸਬੰਧਿਤ ਲਿਖੀ ਜਾ ਰਹੀ ਪੁਸਤਕ ਲੜੀ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦੇ ਚੌਥੇ ਭਾਗ ਵਜੋਂ ਉਨ੍ਹਾਂ ਦੀ ਨਵੀਂ ਛਪੀ ਪੁਸਤਕ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਇੱਥੋਂ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਸੰਗਤਾਂ ਦੇ ਭਾਰੀ ਇਕੱਠ ‘ਚ ਜਾਰੀ ਕੀਤੀ ਗਈ ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਅਜਮੇਰ ਸਿੰਘ ਤੇ ਉਨ੍ਹਾਂ ਨਾਲ ਪੁੱਜੇ ਨਾਮਵਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਅਜਮੇਰ ਸਿੰਘ ਨੇ ਆਖਿਆ ਕਿ ਅਸੀਂ ਕੌਮ ਨੂੰ ਚਿੰਬੜੀ ਬਿਮਾਰੀ ਦੇ ਲੱਛਣਾਂ ਨਾਲ ਜੂਝ ਰਹੇ ਹਾਂ ਪਰ ਬਿਮਾਰੀ ਨੂੰ ਖ਼ਤਮ ਕਰਨ ਲਈ ਬਿਮਾਰੀ ਦੀ ਜੜ੍ਹ ਨਹੀਂ ਪਛਾਣ ਰਹੇ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਕੌਮੀ ਸਮੱਸਿਆਵਾਂ ਦੀ ਤਾਣੀ ਬਹੁਤ ਉਲਝ ਗਈ ਹੈ ਜੋ ਸੁਲਝਾਈ ਤਾਂ ਜਾ ਸਕਦੀ ਹੈ ਪਰ ਜੇ ਤੰਦ ਲੱਭ ਜਾਵੇ ਅਤੇ ਉਸ ਲਈ ਸਮਾਂ ਤੇ ਸਬਰ ਚਾਹੀਦਾ ਹੈ ।
1984 ‘ਚ ਅੰਮਿ੍ਤਸਰ ਵਿਖੇ ਭਾਰਤੀ ਖ਼ਬਰ ਏਜੰਸੀ ਯੂ. ਐਨ. ਆਈ. ਲਈ ਕੰਮ ਕਰਦੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਇਸ ਮੌਕੇ 1980ਵਿਆਂ ‘ਚ ਪੰਜਾਬ ਅੰਦਰ ਹੋਏ ਸਿੱਖਾਂ ਦੇ ਕਤਲੇਆਮ ਅਤੇ ਸਿੱਖਾਂ ਵੱਲੋਂ ਲੜੇ ਜਾ ਰਹੇ ਰਾਜਸੀ ਸੰਘਰਸ਼ ਨੂੰ ਬਦਨਾਮ ਕਰਨ ਲਈ ਪ੍ਰੈੱਸ ਦੀ ਭੂਮਿਕਾ ਨੂੰ ਬੇਨਕਾਬ ਕੀਤਾ ।
ਉਨ੍ਹਾਂ ਮਿਸਾਲਾਂ ਦੇ ਕੇ ਦੱਸਿਆ ਕਿ ਕਿਵੇਂ ਭਾਰਤੀ ਪ੍ਰੈੱਸ ਨੇ ਉਸ ਮੌਕੇ ਹਿੰਦੁਸਤਾਨੀ ਲੋਕਾਂ ਦੇ ਮਨਾਂ ‘ਚ ਸਿੱਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਨੂੰ ਜਾਇਜ਼ ਠਹਿਰਾਉਣ ਲਈ ਸਾਜ਼ਿਸ਼ੀ ਭੂਮਿਕਾ ਨਿਭਾਈ।
ਉਨ੍ਹਾਂ ਦੱਸਿਆ ਕਿ ਕਿਵੇਂ ਚੰਡੀਗੜ੍ਹ ਤੇ ਦਿੱਲੀ ਬੈਠੇ ਸੀਨੀਅਰ ਪ੍ਰੈੱਸ ਅਧਿਕਾਰੀ ਪੰਜਾਬ ‘ਚ ਵਾਪਰਦੀਆਂ ਵਾਰਦਾਤਾਂ ਬਾਰੇ ਦਫ਼ਤਰ ਬੈਠੇ ਹੀ ਅਜਿਹੀਆਂ ਖ਼ਬਰਾਂ ਛਾਪਦੇ ਰਹੇ, ਜਿਨ੍ਹਾਂ ਦੀ ਅਸਲੀਅਤ ਕੁਝ ਹੋਰ ਹੁੰਦੀ ਤੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਪੱਤਰਕਾਰਾਂ ਵੱਲੋਂ ਭੇਜੇ ਅਸਲ ਤੱਥਾਂ ਨੂੰ ਜਾਣਬੁੱਝ ਕੇ ਅਣਗੌਲਿਆ ਜਾਂਦਾ ਹੈ ।
ਦੋਵੇਂ ਨਾਮਵਰ ਸ਼ਖ਼ਸੀਅਤਾਂ ਵੱਲੋਂ 21 ਅਗਸਤ ਨੂੰ ‘ਸਰੀ ਆਰਟਸ ਸੈਂਟਰ’ ਵਿਖੇ ਸਥਾਨਕ ਲੋਕਾਂ ਨਾਲ ਵਿਚਾਰ ਚਰਚਾ ਵੀ ਕੀਤੀ ਜਾ ਰਹੀ ਹੈ ।